ਵਿਸ਼ਾਲ ਸ਼੍ਰੇਸ਼ਟ, ਕੋਲਕਾਤਾ : ਪਾਕਿਸਤਾਨ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ ਪਹਿਲਾਂ ਹੀ ਨਾ ਦੇ ਬਰਾਬਰ ਸੀ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਸ ਸੰਭਾਵਨਾ ਨੂੰ ਬਿਲਕੁਲ ਖਤਮ ਕਰ ਦਿੱਤਾ। ਬੇਨ ਸਟੋਕਸ (84), ਜੋਅ ਰੂਟ (60) ਅਤੇ ਜੌਨੀ ਬੇਅਰਸਟੋ (59) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ’ਤੇ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿਚ ਪਾਕਿਸਤਾਨ ਖਿਲਾਫ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ’ਚ ਨਿਰਧਾਰਤ 50 ਓਵਰਾਂ ’ਚ ਨੌਂ ਵਿਕਟਾਂ ’ਤੇ 337 ਦੌੜਾਂ ਦਾ ਵੱਡਾ ਸਕੋਰ ਬਣਾਇਆ। ਆਖ਼ਰੀ ਚਾਰ ਵਿਚ ਥਾਂ ਬਣਾਉਣ ਲਈ ਪਾਕਿਸਤਾਨ ਨੂੰ 6.4 ਓਵਰਾਂ ਵਿਚ ਸਿਰਫ਼ 40 ਗੇਂਦਾਂ ਵਿਚ 338 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ, ਜੋ ਕਿ ਹਰ ਗੇਂਦ ’ਤੇ ਛੱਕੇ ਲਾਉਣ ਦੇ ਬਾਵਜੂਦ ਅਸੰਭਵ ਸੀ। ਪਹਿਲੀਆਂ 40 ਗੇਂਦਾਂ ਤੱਕ ਪਾਕਿਸਤਾਨ ਦੀ ਟੀਮ ਨੇ ਦੋ ਵਿਕਟਾਂ ’ਤੇ 30 ਦੌੜਾਂ ਬਣਾਈਆਂ ਅਤੇ ਅਧਿਕਾਰਤ ਤੌਰ ’ਤੇ ਵਿਸ਼ਵ ਕੱਪ ਵਿਚ ਬਾਹਰ ਹੋ ਗਈ। ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ (0) ਅਤੇ ਫਖਰ ਜ਼ਮਾਨ (01) ਨੂੰ ਸਸਤੇ ’ਚ ਆਊਟ ਕਰ ਦਿੱਤਾ। ਭਾਰਤ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਸੈਮੀਫਾਈਨਲ ’ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਅੰਕ ਸੂਚੀ ’ਚ ਸਿਖਰ ’ਤੇ ਕਾਬਜ਼ ਭਾਰਤ ਦਾ ਸਾਹਮਣਾ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਪਹਿਲੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਨਾਲ ਹੋਵੇਗਾ। ਅਗਲੇ ਦਿਨ ਈਡਨ ਗਾਰਡਨ ’ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਸੈਮੀਫਾਈਨਲ ਖੇਡਿਆ ਜਾਵੇਗਾ। ਦੂਜੇ ਪਾਸੇ ਇੰਗਲੈਂਡ ਨੇ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਬੇਅਰਸਟੋ-ਮਲਾਨ ਨੇ ਦਿੱਤੀ ਮਜ਼ਬੂਤ ਸ਼ੁਰੂਆਤ: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਬੇਅਰਸਟੋ ਅਤੇ ਡੇਵਿਡ ਮਲਾਨ (31) ਨੇ ਇੰਗਲਿਸ਼ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 82 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸਟੋਕਸ ਅਤੇ ਰੂਟ ਨੇ ਕਮਾਨ ਸੰਭਾਲੀ ਅਤੇ ਟੀਮ ਨੂੰ ਵੱਡੇ ਸਕੋਰ ਵੱਲ ਲੈ ਗਏ। ਦੋਵਾਂ ਨੇ ਤੀਜੇ ਵਿਕਟ ਲਈ 132 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਪਾਕਿਸਤਾਨ ਲਈ ਹੈਰਿਸ ਰਾਊਫ ਨੇ ਤਿੰਨ, ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਨੇ ਦੋ-ਦੋ ਵਿਕਟਾਂ ਲਈਆਂ। ਮੁਹੰਮਦ ਵਸੀਮ ਨੇ ਪਾਰੀ ਦੇ ਆਖਰੀ ਓਵਰ ਦੀ ਚੌਥੀ ਅਤੇ ਪੰਜਵੀਂ ਗੇਂਦ ’ਤੇ ਡੇਵਿਡ ਵਿਲੀ ਅਤੇ ਗੁਸ ਐਟਕਿੰਸਨ ਨੂੰ ਆਊਟ ਕੀਤਾ ਪਰ ਆਖਰੀ ਗੇਂਦ ’ਤੇ ਵਿਕਟ ਲੈ ਕੇ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ।