ਜਸਪਾਲ ਸਿੰਘ ਜੱਸੀ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਚੌਦਸ ਤੇ ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦੋਵੇਂ ਦਿਨ ਲੱਖਾਂ ਦੀ ਗਿਣਤੀ ‘ਚ ਸੰਗਤ ਗੁਰੂ ਘਰ ਪਹੁੰਚੀ। ਜਦੋਂਕਿ ਸੰਗਤ ਦੀ ਆਮਦ ਨੂੰ ਲੈ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ।

ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਹਰ ਮਹੀਨੇ ਚੌਦਸ ਅਤੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਨ੍ਹਾਂ ਦੋਵੇਂ ਦਿਨਾਂ ਨੂੰ ਤਰਨਤਾਰਨ ਦੇ ਆਸ-ਪਾਸ ਤੇ ਦੂਰ ਦਰਾਡੇ ਤੋਂ ਵੱਡੀ ਗਿਣਤੀ ਸੰਗਤ ਗੁਰੂ ਘਰ ਨਤਮਸਤਕ ਹੋਣ ਲਈ ਪੁੱਜਦੀ ਹੈ। ਇਸ ਵਾਰ ਵੀ ਬੁੱਧ ਤੇ ਵੀਰਵਾਰ ਨੂੰ ਇਹ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤੜਕੇ ਤੋਂ ਵੀ ਵੱਡੀ ਗਿਣਤੀ ‘ਚ ਸੰਗਤ ਗੁਰੂ ਘਰ ਪੁੱਜਣੀ ਸ਼ੁਰੂ ਹੋ ਗਈ। ਜਦੋਂਕਿ ਸਾਰਾ ਦਿਨ ਲੱਖਾਂ ਦੀ ਤਦਾਦ ‘ਚ ਪਹੁੰਚੀ ਸੰਗਤ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਤੇ ਕਹਾੜ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਹਜੂਰੀ ‘ਚ ਸੀਸ ਨਿਵਾਇਆਂ। ਜਦੋਂਕਿ ਮਨ ਬਿਰਤੀ ਇਕਾਗਰ ਕਰ ਕੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਸਾਰਾ ਦਿਨ ਹਜੂਰੀ ਰਾਗ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਚੌਦਸ ਤੇ ਮੱਸਿਆ ਦੇ ਦਿਹਾੜਿਆਂ ‘ਤੇ ਦੋ ਦਿਨ ਦੀਵਾਨ ਵੀ ਸਜਾਏ ਗਏ। ਜਿਸ ‘ਚ ਪਹੁੰਚੇ ਢਾਡੀ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰੂ ਇਤਹਾਸ ਸਰਵਣ ਕਰਵਾਇਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਇਸ ਮੌਕੇ ਕਿਹਾ ਕਿ ਸੰਗਤ ਦੀ ਭਾਰੀ ਆਮਦ ਨੂੰ ਧਿਆਨ ‘ਚ ਰੱਖਦਿਆਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰੂ ਕੇ ਲੰਗਰ ਤੇ ਛਬੀਲਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ। ਉਥੇ ਹੀ ਸਮੁੱਚੇ ਸਟਾਫ ਨੇ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਕਿਹਾ ਹੈ। ਇਸ ਤੋਂ ਇਲਾਵਾ ਗੁਰੂ ਘਰ ਆਉਣ ਵਾਲੀ ਸੰਗਤ ਦੇ ਲਈ ਤਰਨਤਾਰਨ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ‘ਤੇ ਵੀ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤ ਦੀ ਸੇਵਾ ਕੀਤੀ ਗਈ।