ਅਰਸ਼ਾਂ ਦੀਆਂ ਕਾਲਪਨਿਕ ਉਡਾਰੀਆਂ ਲਾ ਕੇ ਉੱਥੋਂ ਦੇ ਦਿ੍ਰਸ਼ ਤੇ ਅਖਾਣ, ਮੁਹਾਵਰਿਆਂ ਨੂੰ ਗੀਤਾਂ ਵਿਚ ਫਿੱਟ ਕਰਨ ਵਾਲੇ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਅਣਵੰਡੇ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰਬਰ 133 ਵਿਚ ਹੋਇਆ। ਦੀਦਾਰ ਸੰਧੂ ਦੇ ਪਿਤਾ ਦਾ ਨਾਮ ਸਮੁੰਦ ਸਿੰਘ ਤੇ ਮਾਤਾ ਦਾ ਨਾਮ ਦਾਨ ਕੌਰ ਸੀ। ਦੋਹਾਂ ਦੇਸ਼ਾ ਦੀ ਵੰਡ ਵੇਲੇ ਇਹ ਪਰਿਵਾਰ ਚੜ੍ਹਦੇ ਪੰਜਾਬ ਵਿਚ ਪਿੰਡ ਬੋਤਲ ਵਾਲਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਵਿਖੇ ਆ ਗਿਆ ਪਰ ਕੁੱਝ ਸਮੇਂ ਬਾਅਦ ਪਿੰਡ ਭਰੋਵਾਲ ਖ਼ੁਰਦ ਵਿਖੇ ਜ਼ਮੀਨ ਅਲਾਟ ਹੋਣ ਕਰ ਕੇ ਪੱਕੇ ਤੌਰ ’ਤੇ ਇੱਥੇ ਰਹਿਣ ਲੱਗ ਪਿਆ। ਦੀਦਾਰ ਨੇ ਸੱਤਵੀਂ ਤੱਕ ਦੀ ਪੜ੍ਹਾਈ ਜਗਰਾਓਂ ਅਤੇ ਦਸਵੀਂ ਤੱਕ ਦੀ ਪੜ੍ਹਾਈ ਬਰਸਾਲ ਹਾਈ ਸਕੂਲ ਤੋਂ ਪਾਸ ਕੀਤੀ। ਦੀਦਾਰ ਸੰਧੂੂੂ ਦਾ ਵਿਆਹ 1966 ਵਿਚ ਪਿੰਡ ਗਾਲਿਬ ਦੀ ਅਮਰਜੀਤ ਕੌਰ ਨਾਲ ਹੋਇਆ। ਪੰਜ ਭਰਾਵਾਂ ਵਿਚੋਂ ਦੀਦਾਰ ਸੰਧੂ ਸਭ ਤੋਂ ਛੋਟਾ ਸੀ। ਇਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਬੇਟਾ ਜਗਮੋਹਣ ਸੰਧੂ ਜੋ ਵਧੀਆ ਗਾਇਕ ਹੈ ਦੀਦਾਰ ਸੰਧੂ ਦੀ ਗਾਇਕੀ ਨੂੰ ਅੱਗੇ ਤੋਰ ਰਿਹਾ ਹੈ। ਬੇਟੀ ਦੀਪਾਂ ਸੰਧੂ ਕੈਨੇਡਾ ਵਿਖੇ ਰਹਿ ਰਹੀ ਹੈ।
ਲੋਕ ਸੰਪਰਕ ਵਿਭਾਗ ’ਚ ਕੀਤੀ ਨੌਕਰੀ
ਦੀਦਾਰ ਨੇ ਦਸਵੀਂ ਜਮਾਤ ਪਾਸ ਕਰਨ ਮਗਰੋਂ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰ ਲਈ। ਉੱਥੇ ਹੀ ਮੁਹੰਮਦ ਸਦੀਕ ਨੌਕਰੀ ਕਰਦਾ ਸੀ। ਸੰਧੂ ਨੇ ਆਪਣੇ ਲਿਖੇ ਗੀਤ ਸਦੀਕ ਨੂੰ ਦਿਖਾਏ। ਉਹ ਦੇਖ ਕੇ ਦੰਗ ਰਹਿ ਗਿਆ। ਅੱਲੜ੍ਹ ਜਿਹੇ ਮੁੰਡੇ ਨੇ ਇੰਨੇ ਵਧੀਆ ਗੀਤ ਲਿਖੇ ਹਨ। ਉਹ ਗੀਤ ਹਨ ‘ਇਕ ਤੇਰਾ ਰੰਗ ਮੁਸ਼ਕੀ ਦੂਜਾ ਚਰਖਾ ਗਲੀ ਦੇ ਵਿਚ ਡਾਹਿਆ’ (ਸੋਲੋ), ਦੂਸਰਾ ਗੀਤ ‘ਜਿਹੀ ਤੇਰੀ ਗੁਤ ਦੇਖਲੀ ਜਿਹਾ ਦੇਖਿਆ ਜਰਗ ਦਾ ਮੇਲਾ’ (ਸੋਲੋ), ਤੀਸਰਾ ਗੀਤ ‘ਗੋਰੇ ਰੰਗ ’ਤੇ ਬਾਸਕਟ ਕਾਲੀ ਵੇਖ ਜੱਟਾ ਤੈਨੂੰ ਬੜੀ ਸਜਦੀ’ (ਦੋਗਾਣਾ ਗੀਤ ਸਦੀਕ ਤੇ ਸਵਰਨ ਲਤਾ ਦੀ ਆਵਾਜ਼ ਵਿਚ)। ਇਹ ਤਿੰਨੋਂ ਗੀਤ 1965-66 ਵਿਚ ਰਿਕਾਰਡ ਹੋਏ। ਗੀਤ ਇੰਨੇ ਚੱਲੇ ਕਿ ਇਨ੍ਹਾਂ ਨੇ ਦੀਦਾਰ ਸੰਧੂ ਦੀ ਗੀਤਕਾਰੀ ਵਿਚ ਵਧੀਆ ਪਛਾਣ ਬਣਾ ਦਿੱਤੀ। ਮੁਹੰਮਦ ਸਦੀਕ ਨੇ ਵੀ ਇਨ੍ਹਾਂ ਨੂੰ ਗਾ ਕੇ ਗਾਇਕੀ ਵਿਚ ਆਪਣਾ ਕੱਦ ਹੋਰ ਉੱਚਾ ਕਰ ਲਿਆ। ਦੀਦਾਰ ਸੰਧੂ ਨੇ ਜਦੋਂ ਗਾਇਕੀ ਦੇ ਖੇਤਰ ਵਿਚ ਪੈਰ ਪਾਇਆ ਤਾਂ ਸਭ ਤੋਂ ਪਹਿਲਾ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਕਰਵਾਇਆ ‘ਜੱਟ ਬੜਾ ਬੇਦਰਦੀ ਮੈਂ ਕਿੱਥੇਂ ਜਾਵਾਂ’।

ਹੁਣ ਬੰਦ ਪਿਆ ਦਰਵਾਜ਼ਾ…
ਦੀਦਾਰ ਸੰਧੂ ਦੇ ਮੁਕਤਸਰ, ਬਠਿੰਡਾ ਤੋਂ ਲੈ ਕੇ ਗੰਗਾਨਗਰ ਤੱਕ ਬਹੁਤ ਅਖਾੜੇ ਲੱਗਦੇ ਸਨ। ਰਸਤੇ ਵਿਚ ਕੋਟਕਪੂਰੇ ਦਾ ਰੇਲਵੇ ਫਾਟਕ ਪੈਂਦਾ ਸੀ। ਜੋ ਬਹੁਤਾ ਸਮਾਂ ਬੰਦ ਰਹਿੰਦਾ ਸੀ। ਘਰ ਤੋਂ ਉਧਰ ਅਖਾੜਾ ਲਾਉਣ ਜਾਣ ਵਾਸਤੇ ਫਾਟਕ ਬੰਦ ਰਹਿਣ ਦਾ ਸਮਾਂ ਲੈ ਕੇ ਚੱਲਣਾ ਪੈਂਦਾ ਸੀ। ਇਸ ਕਰ ਕੇ ਸੰਧੂ ਨੂੰ ਉੱਥੇ ਖੜ੍ਹ ਕੇ ਗੀਤ ਲਿਖਣਾ ਪਿਆ ‘ਹੁਣ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ’। ਸਾਲ 1979 ਨੂੰ ਮੁੱਲਾਂਪੁਰ (ਦਾਖਾ) ਮੰਡੀ ਦੀ ਦੁਸਹਿਰਾ ਕਮੇਟੀ ਵਿਚ ਦੀਦਾਰ ਸੰਧੂ ਕਮੇਟੀ ਮੈਂਬਰ ਸੀ। ਕਮੇਟੀ ਨੇ ਰਾਮਲੀਲ੍ਹਾ ਨਾ ਲਗਾਉਣ ਦਾ ਫ਼ੈਸਲਾ ਕਰ ਕੇ ਓਨੇ ਦਿਨ ਰਾਤ ਨੂੰ ਅਖਾੜੇ ਲਗਾਉਣ ਦੀ ਡਿਊਟੀ ਸੰਧੂ ਦੀ ਲਗਾ ਦਿੱਤੀ। ਉਸ ਸਮੇਂ ਦੀਦਾਰ ਸੰਧੂ ਨਾਲ ਪਰਮਿੰਦਰ ਸੰਧੂ ਸਹਿ ਗਾਇਕਾ ਸੀ। ਉਨ੍ਹਾਂ ਨੇ ਦਿਨ ਵੇਲੇ ਗੰਗਾਨਗਰ ਵੱਲ ਅਖਾੜਾ ਲਾ ਕੇ ਆਉਣਾ ਰਾਤ ਨੂੰ ਮੁੱਲਾਂਪੁਰ (ਦਾਖਾ) ਮੰਡੀ ਦੀ ਰਾਮਲੀਲ੍ਹਾ ਗਰਾਊਂਡ ਵਿਚ ਪਿੰਡਾਂ ਤੋਂ ਟਰੈਕਟਰ-ਟਰਾਲੀਆਂ ਲੈ ਕੇ ਆਏ ਬੇਹਿਸਾਬ ਲੋਕਾਂ ਦੇ ਇਕੱਠ ਦਾ ਮਨੋਰੰਜਨ ਕਰਨਾ।
ਬਿੰਬਾਂ ਦਾ ਬਾਖ਼ੂਬੀ ਇਸਤੇਮਾਲ ਕਰਦੇ ਸੀ
ਹਰਜਾਪ ਟਿਵਾਣਾ ਵੀ ਸੰਧੂ ਦਾ ਵਧੀਆ ਮਿੱਤਰ ਰਿਹਾ। ਉਸ ਨੇ ਦੱਸਿਆ ਦੀਦਾਰ ਕਿਹਾ ਕਰਦਾ ਸੀ ਕਿ ਗੀਤ ਦੀਆਂ ਲਾਈਨਾਂ ਛੋਟੀਆਂ ਹੋਣ ਪਰ ਅਰਥ ਜ਼ਿਆਦਾ ਨਿਕਲਦਾ ਹੋਣਾ ਚਾਹੀਦਾ ਹੈ। ਸੰਧੂ ਨੇ ਟਿਵਾਣੇ ਦੇ ਲਿਖੇ ਪੰਜ ਗੀਤ ਗਾਏ। ਸੰਧੂ ਦੇ ਲਿਖੇ ਗੀਤ ਮੁਹੰਮਦ ਸਦੀਕ, ਰਣਜੀਤ ਕੌਰ, ਰਮੇਸ਼ ਰੰਗੀਲਾ, ਕਰਨੈਲ ਗਿੱਲ, ਸਵਰਨ ਲਤਾ, ਪ੍ਰੀਤੀ ਬਾਲਾ, ਬੀਰ ਚੰਦ ਗੋਪੀ, ਨਰਿੰਦਰ ਬੀਬਾ, ਪ੍ਰੋਮੀਲਾ ਪੰਮੀ ਆਦਿ ਨੇ ਗਾਏ ਹਨ। ਉਨ੍ਹਾਂ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ, ਜਿਨ੍ਹਾਂ ਵਿਚ ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ, ਪਰਮਿੰਦਰ ਸੰਧੂ, ਅਮਰ ਨੂਰੀ, ਬਲਜੀਤ ਬੱਲੀ, ਨਰਿੰਦਰ ਬੀਬਾ, ਸੁਖਵੰਤ ਕੌਰ ਅਤੇ ਸ਼ੁਸ਼ਮਾ ਆਦਿ ਸ਼ਾਮਲ ਹਨ। ਸੰਧੂ ਬਿੰਬਾਂ ਵਿਚ ਲਿਖਦਾ ਸੀ। ਲਿਖਣ ਵੇਲੇ ਇਸ ਤਰ੍ਹਾਂ ਨਾਲ ਦਿ੍ਰਸ਼ ਪੇਸ਼ ਕਰਦਾ ਸੀ ਕਿ ਸੁਣਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜੋ ਹੋ ਰਿਹਾ ਹੈ ਸਾਹਮਣੇ ਹੀ ਹੋ ਰਿਹਾ ਹੈ, ਜਿਵੇਂ ‘ਮੇਰਾ ਉਡੇ ਡੋਰੀਆ ਮਹਿਲਾਂ ਵਾਲੇ ਘਰ ਵੇ’, ‘ਤੈਨੂੰ ਬੁੱਕਦਾ ਵੇਖਣਾ ਹੋ ਕੇ
ਸ਼ਰਾਬੀ ਆ ਵੇ’, ‘ਚੰਨ ਹੋ ਬੱਦਲਾਂ ਦੇ ਓੁਹਲੇ ਕੰਨੀਆਂ ਨੂੰ ਇੰਝ ਰੁਸ਼ਨਾਵੇ ਕੋਈ ਗੋਟੇ ਵਾਲੀ ਚੁੰਨੀ ਅੰਬਰ ਤੇ ਸੁਟ ਸੁਕਾਵੇ’, ‘ਮੂੰਹ ਨ੍ਹੇਰੇ ਵਿਚ ਫਿਰਦੀ ਏਦਾਂ ਰੁਸ਼ਨਾਈ ਹੁੰਦੀ ਏ ਜਿਵੇਂ ਕਿਸੇ ਨੇ ਆਲੇ ਦੇ ਵਿਚ ਜੋਤ ਜਗਾਈ ਹੁੰਦੀ ਏ’।
ਸੰਧੂ ਨੇ ਫਿਲਮਾਂ ’ਚ ਵੀ ਗਾਇਆ
ਸੰਧੂ ਨੇ ਸਮਜਿਕ ਰਿਸ਼ਤਿਆਂ ਦਾ ਜ਼ਿਕਰ ਵੀ ਬਹੁਤ ਬਾਖ਼ੂਬੀ ਕੀਤਾ ਹੈ, ਜਿਵੇਂ ‘ਜੇਠ ਚੰਦਰੇ ਦਾ ਕੀ, ਜਿਹਦਾ ਪੁੱਤ ਨਾ ਕੋਈ ਧੀ, ਜਾਂਦਾ ਘੁੱਟ ਕੁ ਸ਼ਰਾਬ ਪਿਛੇ ਮਰ ਨੀ, ਦੜ ਵੱਟ ਕੇ ਗੁਜਾਰਾ ਕਰ ਨੀ’, ‘ਸਾਰਿਆਂ ਦੇ ਵਿਚੋਂ ਤੂੰ ਸਾਊ ਵੇ ਦੀਦਾਰ, ਤੇਰਾ ਘਰ ’ਚ ਨਾ ਕੋਡੀ ਜਿੰਨਾ ਮੁੱਲ ਵੇ’। ਅਮੀਰੀ ਅਤੇ ਗ਼ਰੀਬੀ ਦੇ ਪਾੜੇ ਦੀ ਗੱਲ ਕਰਦਾ ਜਗੀਰਦਾਰੀ ਨੂੰ ਤਾੜਨਾ ਕਰਦਾ ਹੋਇਆ ਕਹਿੰਦਾ ਹੈ, ‘ਮੰਨਿਆ ਗ਼ਰੀਬ ਹੁੰਦੇ ਵੱਡਿਆਂ ਦੇ ਆਸਰੇ’ ਤੇ ‘ਇਹ ਤਾਂ ਤੇਰਾ ਬਣਦਾ ਨੀ ਹੱਕ ਵੇ ਜਗੀਰਦਾਰਾ’। ਦੀਦਾਰ ਸੰਧੂ ਫਿਲਮਾਂ ਤੱਕ ਵੀ ਜਾ ਪਹੁੰਚਿਆ ਸੀ, ਇਸ ਨੇ ‘ਗੱਭਰੂ ਪੰਜਾਬ ਦਾ’ ਫਿਲਮ ਵਿਚ ਅਮਰ ਨੂਰੀ ਨਾਲ ਬੋਲੀਆਂ ਪਾਈਆਂ ਸਨ।
1991 ’ਚ ਦੁਨੀਆ ਨੂੰ ਕਿਹਾ ਅਲਵਿਦਾ
ਉਹ 16 ਫਰਵਰੀ 1991 ਨੂੰ ਇਸ ਦੁਨੀਆ ’ਤੇ ਆਪਣੀਆਂ ਪੈੜਾਂ ਪਾ ਕੇ ਅਲਵਿਦਾ ਕਹਿ ਗਿਆ। ਉਨ੍ਹਾਂ ਦਾ ਬੇਟਾ ਜਗਮੋਹਣ ਸੰਧੂ ਹਰ ਸਾਲ 21 ਨਵੰਬਰ ਨੂੰ ਭਰੋਵਾਲ ਖ਼ੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੇ ਖੇਤਾਂ ਵਿਚ ਮੇਲਾ ਲਗਾ ਕੇ ਆਪਣੇ ਪਿਤਾ ਦੀਦਾਰ ਸੰਧੂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਇਸ ਮੇਲੇ ਵਿਚ ਨਾਮਵਰ ਗਾਇਕ ਤੇ ਸਰੋਤੇ ਦੂਰੋਂ ਦੂਰੋਂ ਸੰਧੂ ਦੀ ਗੀਤਕਾਰੀ ਤੇ ਗਾਇਕੀ ਨੂੰ ਪਿਆਰ ਕਰਨ ਵਾਲੇ ਪਹੁੰਚਦੇ ਹਨ।
ਮਕਬੂਲ ਹੋਈ ਸਨੇਹ ਲਤਾ ਨਾਲ ਜੋੜੀ
ਸੰਧੂ ਦੀ ਜੋੜੀ ਸਨੇਹ ਲਤਾ ਨਾਲ ਬਣ ਗਈ ਜੋ ਬਹੁਤ ਮਕਬੂਲ ਹੋਈ। 1975 ਵਿਚ ਦੀਦਾਰ ਸੰਧੂ ਦਾ ਸਨੇਹ ਲਤਾ ਨਾਲ ਇਕ ਛੇ ਗੀਤਾਂ ਦਾ ਤਵਾ ਆਇਆ, ਜਿਸ ਨੇ ਉਸ ਦੀ ਗੀਤਕਾਰੀ ਤੇ ਗਾਇਕੀ ਦਾ ਲੋਹਾ ਮੰਨਣ ਲਈ ਸਰੋਤਿਆਂ ਨੂੰ ਮਜਬੂਰ ਕਰ ਦਿੱਤਾ। ਉਸ ਵਿਚਲੇ ਗੀਤ ‘ਜੋੜੀ ਜਦੋਂ ਚੁਬਾਰੇ ਚੜ੍ਹਦੀ’ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਗੀਤ ਅੱਜ ਵੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ।
– ਸੁਖਵਿੰਦਰ ਸਿੰਘ ਮੁੱਲਾਂਪੁਰ


