ਮਨੋਰੰਜਨ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ ਜੇ ਕੋਈ ਚੀਜ਼ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਤਂ ਉਹ ਹੈ 19 ਨਵੰਬਰ, ਐਤਵਾਰ ਨੂੰ ਹੋਣ ਵਾਲੇ ਭਾਰਤ ਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੈਚ। ਅਜਿਹੇ ‘ਚ ਬਾਲੀਵੁੱਡ ਸੈਲੇਬਸ ਵੀ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਹਾਲ ਹੀ ‘ਚ ਸੈਮੀਫਾਈਨਲ ਮੈਚ ਦੌਰਾਨ ਬਾਲੀਵੁੱਡ ਦੀਆਂ ਕਈ ਹਸਤੀਆਂ ਸਟੇਡੀਅਮ ‘ਚ ਨਜ਼ਰ ਆਈਆਂ ਪਰ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਭਾਰਤ ਦਾ ਸੈਮੀਫਾਈਨਲ ਮੈਚ ਨਹੀਂ ਦੇਖਿਆ।

ਇਸ ਤੋਂ ਬਾਅਦ ਉਸ ਨੇ ਮਜ਼ਾਕ ‘ਚ ਕਿਹਾ ਕਿ ਉਸ ਦਾ ਮੈਚ ਨਾ ਦੇਖਣਾ ਭਾਰਤੀ ਟੀਮ ਦੀ ਜਿੱਤ ਦਾ ਕਾਰਨ ਹੋ ਸਕਦਾ ਹੈ। ਹੁਣ ਮਹਾਨਾਇਕ ਉਲਝਣ ‘ਚ ਹੈ ਕਿ ਉਸ ਨੂੰ ਫਾਈਨਲ ਮੈਚ ਦੇਖਣਾ ਚਾਹੀਦਾ ਹੈ ਜਾਂ ਨਹੀਂ।

ਉਲਝਣ ‘ਚ ਫਸੇ ਅਮਿਤਾਭ ਬੱਚਨ

ਟੀਮ ਇੰਡੀਆ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਇਕ ਟਿੱਪਣੀ ਸਾਂਝੀ ਕੀਤੀ, ਜਿਸ ‘ਚ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਇਸ ਲਈ ਜਿੱਤੀ ਕਿਉਂਕਿ ਉਨ੍ਹਾਂ ਨੇ ਖੇਡ ਨਹੀਂ ਦੇਖੀ। ਉਨ੍ਹਾਂ ਲਿਖਿਆ ‘ਜਦੋਂ ਮੈਂ ਨਹੀਂ ਦਿਖਦਾ, ਅਸੀਂ ਜਿੱਤ ਜਾਂਦੇ ਹਾਂ’।

ਹੁਣ, ਇਹ ਸੁਪਰਸਟਾਰ ਦੁਚਿੱਤੀ ਵਿਚ ਫਸ ਗਿਆ ਹੈ ਕਿ ਕੀ ਉਸ ਨੂੰ 19 ਨਵੰਬਰ ਨੂੰ ਵਿਸ਼ਵ ਕੱਪ ਦਾ ਫਾਈਨਲ ਦੇਖਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਪਿਛਲੀ ਵਾਰ ਉਸ ਨੇ ਮੈਚ ਨਹੀਂ ਦੇਖਿਆ ਸੀ ਤਾਂ ਭਾਰਤ ਜਿੱਤ ਗਿਆ ਸੀ। ਹਾਲਾਂਕਿ ਅਦਾਕਾਰ ਨੇ ਵਿਸ਼ਵ ਕੱਪ ਦਾ ਸਿੱਧੇ ਤੌਰ ‘ਤੇ ਜ਼ਿਕਰ ਨਹੀਂ ਕੀਤਾ ਪਰ ਉਸ ਦੇ ਪਿਛਲੇ ਟਵੀਟ ਨੂੰ ਦੇਖਦਿਆਂ, ਉਹ ਸ਼ਾਇਦ ਇਸ ਬਾਰੇ ਹੀ ਗੱਲ ਕਰ ਰਿਹਾ ਹੈ। ਉਨ੍ਹਾਂ ਨੇ ਕੀਤੇ ਇਕ ਹੋਰ ਟਵੀਟ ‘ਚ ਲਿਖਿਆ, ‘ਹੁਣ ਸੋਚ ਰਿਹਾ ਹਾਂ ਕਿ ਜਾਵਾਂ ਜਾਂ ਨਾ।’

ਇਨ੍ਹਾਂ ਫਿਲਮਾਂ ‘ਚ ਨਜ਼ਰ ਆਉਣਗੇ ਅਮਿਤਾਭ ਬੱਚਨ

ਸੁਪਰਸਟਾਰ ਅਮਿਤਾਭ ਬੱਚਨ ਜਲਦ ਹੀ ਫਿਲਮ ‘ਕਲਕੀ 2898 ਏਡੀ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਿੱਗ ਬੀ ‘ਸੈਕਸ਼ਨ 84’ ਸਮੇਤ ਕਈ ਫਿਲਮਾਂ ‘ਚ ਨਜ਼ਰ ਆ ਸਕਦੇ ਹਨ।