ਨਈ ਦੁਨੀਆ, ਰਾਏਪੁਰ : ਕੇਂਦਰ ਸਰਕਾਰ ਨੇ ਮਹਾਦੇਵ ਆਨਲਾਈਨ ਸੱਟਾ ਐਪ ਨੂੰ ਭਾਵੇਂ ਪਾਬੰਦੀਸ਼ੁਦਾ ਕਰ ਦਿੱਤਾ ਹੈ ਪਰ ਸ਼ਾਤਰ ਸੱਟਾ ਵਪਾਰੀ ਆਪਣਾ ਧੰਦਾ ਚਾਲੂ ਰੱਖਣ ਲਈ ਨਵਾਂ ਪੈਂਤੜਾ ਚਲਾ ਰਹੇ ਹਨ। ਉਨ੍ਹਾਂ ਨੇ ‘ਮਹਾਦੇਵ ਖਿਲਾੜੀ ਐਪ’ ਨਾਂ ਹੇਠ ਨਵਾਂ ਐਪ ਸ਼ੁਰੂ ਕਰ ਕੇ ਕ੍ਰਿਕਟ ਮੈਚ ਵਿਚ ਸੱਟੇ ਦਾ ਕੰਮ ਚਲਾ ਲਿਆ ਹੈ। ਈਡੀ ਦੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਮਹਾਦੇਵ ਐਪ ਦੇ ਸੰਚਾਲਕ ਸੌਰਭ ਚੰਦਰਾਕਰ ਤੇ ਰਵੀ ਉੱਪਲ ਹੁਣ ਮਹਾਦੇਵ ਖਿਲਾੜੀ ਐਪ ਚਲਾ ਰਹੇ ਹਨ। ਇਸ ਅਧਾਰ ’ਤੇ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਮਹਾਦੇਵ ਖਿਲਾੜੀ ਐਪ ਦਾ ਨੈੱਟਵਰਕ ਲੰਡਨ, ਕੋਲਕਾਤਾ, ਮੁੰਬਈ ਤੇ ਛੱਤੀਸਗੜ੍ਹ ਦੇ ਵੱਖ ਵੱਖ ਸ਼ਹਿਰਾਂ ਵਿਚ ਬਿਟਕਵਾਈਨ ਵਾਲੇਟ ਵਿਚ ਕੰਮ ਕਰਦਾ ਹੈ। ਮਹਾਰਾਸ਼ਟਰ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੂੰ ਇਸ ਐਪ ਦਾ ਲਿੰਕ ਮਿਲਿਆ ਹੈ।
ਇਸ ਸਿੰਡੀਕੇਟ ਨਾਲ ਜੁੜੇ ਲੋਕ ਕ੍ਰਿਕਟ ਮੈਚਾਂ ਦੀ ਫਿਕਸਿੰਗ ਕਰਵਾ ਕੇ ਰੋਜ਼ਾਨਾ ਕਰੋੜਾਂ ਰੁਪਏ ਦਾ ਦਾਅ ਖੇਡ ਰਹੇ ਹਨ। ਈਡੀ ਨੇ ਮੁਢਲੀ ਜਾਂਚ ਲਈ 32 ਜਣੇ ਘੇਰੇ ਵਿਚ ਲਏ ਹਨ, ਇਨ੍ਹਾਂ ਵਿੱਚੋਂ 6 ਜਣੇ ਸੌਰਭ ਚੰਦਰਾਕਰ ਦੇ ਚਹੇਤੇ ਦੱਸੇ ਗਏ ਹਨ। ਸੌਰਭ ਦੇ ਇਹ ਖ਼ਾਸ ਵਿਅਕਤੀ ਮੁਲਕ ਦੇ ਵੱਖ ਵੱਖ ਹਿੱਸਿਆਂ ਤੇ ਮੱਧ ਪੂਰਬੀ ਏਸ਼ੀਆ ਦੇ ਮੈਚ ਫਿਕਸ ਕਰਨ ਦਾ ਨਾਪਾਕ ਕੰਮ ਕਰਦੇ ਹਨ। ਇਹ ਸਾਰੇ ਵਪਾਰੀ ‘ਖਿਲਾੜੀ ਐਪ’ ਤੇ ਹੋਰਨਾਂ ਪੋਰਟਲਾਂ ਜ਼ਰੀਏ ਇਕ ਦੂਜੇ ਨਾਲ ਜੁੜੇ ਹੋਏ ਹਨ। ਇਹ ਲੋਕ ਆਨਲਾਈਨ ਸੱਟਾ ਖਿਡਵਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਇਸ ਕਾਲੀ ਕਮਾਈ ਨੂੰ ਹਵਾਲਾ ਜਾਂ ਬਿਟਕੁਆਈਨ ਵਾਲੇਟ ਦੇ ਜ਼ਰੀਏ ਏਧਰੋਂ ਓਧਰ ਕੀਤਾ ਜਾਂਦਾ ਹੈ।
——-
ਸਾਰੇ ਮੁਲਕ ’ਚ ਫੈਲੇ ਹਨ ਗਿਰੋਹ
ਮਹਾਦੇਵ ਐਪ ’ਤੇ ਪਾਬੰਦੀ ਲੱਗਣ ਮਗਰੋਂ ਸੰਚਾਲਕ ਸੌਰਭ ਚੰਦਰਾਕਰ ਤੇ ਰਵੀ ਉੱਪਲ ਆਪਣੇ ਨੇੜਲੇ ਲੋਕਾਂ ਦੇ ਸੰਪਰਕ ਵਿਚ ਰਹੇ ਹਨ। ਹਾਲਾਂਕਿ ਈਡੀ ਦੀ ਨਿਗ੍ਹਾ ਤੋਂ ਬਚਣ ਲਈ ਇਹ ਵ੍ਹਟਸਐਪ ਜਾਂ ਵੀਡੀਓ ਕਾਲ ’ਤੇ ਗੱਲਾਂ ਮਾਰਦੇ ਹਨ। ਮਹਾਦੇਵ ਖਿਲਾੜੀ ਐਪ ਦਾ ਲਿੰਕ ਦੇ ਕੇ ਵੱਡੇ ਸੱਟੇਬਾਜ਼ ਤੇ ਕਾਲੀ ਕਮਾਈ ਦੇ ਮਾਹਰ ਆਪਣੇ ਨਾਲ ਜੋੜੇ ਜਾ ਰਹੇ ਹਨ। ਫੜੇ ਜਾਣ ’ਤੇ ਸੌਰਭ ਤੇ ਰਵੀ ਲਗਾਤਾਰ ਪਾਕਿਸਤਾਨ, ਯੂਏਈ ਤੇ ਖਾੜੀ ਦੇ ਕੁਝ ਮੁਲਕਾਂ ਵਿਚ ਟਿਕਾਣੇ ਬਦਲ ਬਦਲ ਕੇ ਰਹਿੰਦੇ ਰਹੇ ਹਨ।
——
ਮੱਧ ਪ੍ਰਦੇਸ਼ ਬਣਿਆ ਮੁੱਖ ਟਿਕਾਣਾ
ਕਈ ਵੱਡੇ ਸੱਟੇਬਾਜ਼ਾਂ ਨੇ ਛੱਤੀਸਗੜ੍ਹ ਦੀ ਆਈਡੀ ਲੈ ਕੇ ਮੱਧ ਪ੍ਰਦੇਸ਼ ਦੇ ਛਿੰਦਵਾੜਾ, ਬਾਲਾਘਾਟ, ਜਬਲਪੁਰ ਸਮੇਤ ਕਈ ਸ਼ਹਿਰਾਂ ਵਿਚ ਆਪਣੇ ਟਿਕਾਣੇ ਬਣਾ ਲਏ ਹਨ। ਇਹ ਸਾਰੇ ਵਪਾਰੀ ਇੱਥੋਂ ਮਹਾਦੇਵ ਖਿਲਾੜੀ ਐਪ ਜ਼ਰੀਏ ਕ੍ਰਿਕਟ ਦੀ ਸੱਟੇਬਾਜ਼ੀ ਦਾ ਕਾਲਾ ਕਾਰਾ ਕਰਦੇ ਹਨ। ਈਡੀ ਨੇ ਇਨ੍ਹਾਂ ਸੱਟੇਬਾਜ਼ਾਂ ਦੀ ਲੋਕੇਸ਼ਨ ਲੱਭ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


