ਪੱਤਰ ਪੇ੍ਰਰਕ, ਮੋਰਿੰਡਾ : ਪਿੰਡ ਸਮਾਣਾ ਖੁਰਦ ਵਿਖੇ ਸਾਲਾਨਾ ਕੁਸ਼ਤੀ ਤੇ ਕਬੱਡੀ ਕੱਪ ਖੇਡ ਟੂਰਨਾਮੈਂਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਲਿਆਂਦਾ ਗਿਆ, ਜਿੱਥੇ ਦੋਵੇਂ ਧਿਰਾਂ ਵਿਚਾਲੇ ਮੁੜ ਤੋਂ ਝਗੜਾ ਸ਼ੁਰੂ ਹੋ ਗਿਆ, ਜਿਸ ਕਾਰਨ ਹਸਪਤਾਲ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਜਿਸ ‘ਤੇ ਹਸਪਤਾਲ ਦੇ ਐੱਸਐੱਮਓ ਡਾ. ਪਰਮਿੰਦਰਜੀਤ ਸਿੰਘ ਨੇ ਪੁਲਿਸ ਨੂੰ ਬੁਲਾ ਲਿਆ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਵਿਅਕਤੀ ਹਸਪਤਾਲ ਤੋਂ ਬਾਹਰ ਨਿਕਲ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮੋਰਿੰਡਾ ਮਨਜੀਤ ਸਿੰਘ ਅੌਲਖ ਨੇ ਦੱਸਿਆ ਕਿ ਪਿੰਡ ਸਮਾਣਾ ਖੁਰਦ ਵਿਖੇ ਦੋ ਧਿਰਾਂ ਵਿਚਾਲੇ ਖੇਡ ਟੂਰਨਾਮੈਂਟ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਇਸੇ ਮਾਮਲੇ ਨੂੰ ਲੈ ਕੇ ਮੌਜੂਦਾ ਸਰਪੰਚ ਮਨਪ੍ਰਰੀਤ ਸਿੰਘ ਵੱਲੋਂ ਸਾਬਕਾ ਸਰਪੰਚ ਸੱਜਣ ਸਿੰਘ ਦੇ ਪੁੱਤਰ ਕਮਲਪ੍ਰਰੀਤ ਸਿੰਘ ‘ਤੇ ਗੋਲੀ ਚਲਾ ਦਿੱਤੀ, ਜੋ ਕਿ ਕਮਲਪ੍ਰਰੀਤ ਸਿੰਘ ਦੇ ਪੱਟ ਵਿੱਚ ਲੱਗੀ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਕਮਲਪ੍ਰਰੀਤ ਸਿੰਘ ਦੇ ਬਿਆਨ ਲੈਣ ਲਈ ਪੀਜੀਆਈ ਚੰਡੀਗੜ੍ਹ ਗਏ ਹਨ, ਜਿਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।



