ਸਟੇਟ ਬਿਊਰੋ, ਅਹਿਮਦਾਬਾਦ : ਬਾਲੀਵੁੱਡ ਕਲਾਕਾਰ ਕੰਗਨਾ ਰਣੌਤ ਨੇ ਸਿਆਸਤ ਵਿਚ ਕੁੱਦਣ ਖ਼ਾਸਕਰ ਚੋਣਾਂ ਲੜਨ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਜੇ ਭਗਵਾਨ ਕ੍ਰਿਸ਼ਨ ਦੀ ਕਿਰਪਾ ਰਹੀ ਤਾਂ ਅਗਲੀ ਵਾਰ ਲੋਕ ਸਭਾ ਚੋਣਾਂ ਲੜਾਂਗੀ। ਕੰਗਨਾ ਸ਼ੁੱਕਰਵਾਰ ਸਵੇਰੇ ਭਗਵਾਨ ਕ੍ਰਿਸ਼ਨ ਦੇ ਨਾਲ ਸਬੰਧਤ ਦਵਾਰਕਾਧੀਸ਼ ਮੰਦਰ ਵਿਚ ਪੂਜਾ ਕਰਨ ਆਈ ਸੀ। ਇਸ ਮੌਕੇ ਉਸ ਨੇ ਪੂਜਾ ਕਰਨ ਮਗਰੋਂ ਗੰਗਾ ਜਲ ਅਭਿਸ਼ੇਕ ਕੀਤਾ ਤੇ ‘ਰਾਮ ਨਾਮ ਲਿਖਣ’ ਯੱਗ ਵਿਚ ਸ਼ਾਮਲ ਹੋਈ। ਉਸ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਦ੍ਰਿਸ਼ ਅਵਤਾਰ’ ਹਨ ਅਤੇ ਉਨ੍ਹਾਂ ਨੇ ਸਨਾਤਨ ਧਰਮ ਤੇ ਦੇਸ਼ ਦੇ ਉੱਦਾਰ ਲਈ ਜਨਮ ਲਿਆ ਹੋਇਆ ਹੈ।
ਇਸ ਤੋਂ ਪਹਿਲਾਂ ਸੋਮ ਨਾਥ ਮੰਦਰ ਦੇ ਪੁਜਾਰੀ ਨੇ ਚੰਦਨ-ਤਿਲਕ ਲਗਾ ਕੇ ਦੁੱਪਟਾ ਭੇਟ ਕਰ ਕੇ ਕੰਗਨਾ ਦਾ ਸਨਮਾਨ ਕੀਤਾ। ਸਿਨੇਮਾ ਕਲਾਕਾਰ ਕੰਗਨਾ ਨੇ ਕਿਹਾ ਕਿ ਮੋਦੀ ਕੋਈ ਸਧਾਰਨ ਪੁਰਸ਼ ਨਹੀਂ ਹਨ। ਮੈਂ ਹਮੇਸ਼ਾ ਆਖਦੀ ਰਹੀ ਹਾਂ ਕਿ ਇਹ ਸ਼ਹਿਰ ‘ਦਿਵਿਆ ਨਗਰੀ’ ਹੈ। ਇੱਥੋਂ ਦੀ ਹਰ ਚੀਜ਼ ਵਿਲੱਖਣ ਹੈ ਕਿਉਂਜੋ ਇੱਥੇ ਦਵਾਰਕਾਧੀਸ਼ ਸਮਾਏ ਹੋਏ ਹਨ ਤੇ ਉਨ੍ਹਾਂ ਦੇ ਦਰਸ਼ਨ ਹੁੰਦੇ ਹੀ ਅਸੀਂ ਧੰਨ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਦੀ ਇਹ ਨਗਰੀ ਸਾਡੇ ਸਾਰਿਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਕੰਗਨਾ ਨੇ ਰਾਮ ਮੰਦਰ ਬਾਰੇ ਕਿਹਾ ਕਿ ਰਾਮ ਜੀ ਦਾ ਜਨਮ ਸਥਾਨ 600 ਵਰਿ੍ਹਆਂ ਦੇ ਸੰਘਰਸ਼ ਪਿੱਛੋਂ ਭਾਰਤ ਨੂੰ ਇਹ ਦਿਨ ਵੇਖਣ ਨੂੰ ਮਿਲਿਆ ਹੈ। ਅਸੀਂ ਸਾਰੇ ਧੂਮਧਾਮ ਨਾਲ ਮੰਦਰ ਨੂੰ ਫਿਰ ਤੋਂ ਸਥਾਪਤ ਕਰਾਂਗੇ। ਇਹ ਸਨਾਤਨ ਧਰਮ ਦਾ ਵੱਡਾ ਉਤਸਵ ਹੈ ਤੇ ਆਸ ਕਰਦੇ ਹਾਂ ਕਿ ਸਨਾਤਨ ਦਾ ਝੰਡਾ ਕੁਲ ਦੁਨੀਆ ਵਿਚ ਲਹਿਰਾਏਗਾ।


