ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਖਿਡਾਰੀਆਂ ਨੇ ਹਾਂਗਝੂ ਏਸ਼ਿਆਈ ਖੇਡਾਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਛੇ ਗੋਲਡ ਸਮੇਤ ਕੁੱਲ 12 ਮੈਡਲ ਆਪਣੇ ਨਾਂ ਕੀਤੇ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 107 ਹੋ ਗਈ। ਭਾਰਤ ਇਨ੍ਹਾਂ ਏਸ਼ਿਆਈ ਖੇਡਾਂ ਵਿਚ 100 ਤੋਂ ਵੱਧ ਮੈਡਲ ਜਿੱਤਣ ਦੇ ਟੀਚੇ ਨਾਲ ਉਤਰਿਆ ਸੀ ਜੋ ਸਫਲ ਰਿਹਾ। ਮਰਦ ਤੇ ਮਹਿਲਾ ਕਬੱਡੀ ਟੀਮਾਂ, ਤੀਰਅੰਦਾਜ਼ੀ, ਮਰਦ ਕ੍ਰਿਕਟ ਤੇ ਬੈਡਮਿੰਟਨ ਦੇ ਮਰਦ ਡਬਲਜ਼ ਵਰਗ ਵਿਚ ਦੇਸ਼ ਨੂੰ ਗੋਲਡ ਮਿਲੇ ਜਦਕਿ ਭਲਵਾਨ ਦੀਪਕ ਪੂਨੀਆ ਤੇ ਮਰਦ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਸਿਲਵਰ ਮੈਡਲ ਆਪਣੇ ਨਾਂ ਕੀਤੇ। ਉਥੇ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ।
ਭਾਰਤ ਦੀ ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਤੇ ਓਜਸ ਦੇਵਤਾਲੇ ਨੇ ਗੋਲਡ ਮੈਡਲਾਂ ਦੀ ਹੈਟ੍ਰਿਕ ਲਾਈ, ਜਦਕਿ ਅਦਿਤੀ ਸਵਾਮੀ ਨੂੰ ਕਾਂਸੇ ਦਾ ਮੈਡਲ ਮਿਲਿਆ ਤੇ ਇਸ ਨਾਲ ਹੀ ਭਾਰਤੀ ਤੀਰਅੰਦਾਜ਼ਾਂ ਨੇ ਰਿਕਾਰਡ ਨੌਂ ਮੈਡਲ ਆਪਣੀ ਝੋਲੀ ਵਿਚ ਪਾ ਲਏ। ਇਸ ਤੋਂ ਪਹਿਲਾਂ ਭਾਰਤ ਨੇ ਇੰਚੀਓਨ ਵਿਚ 2014 ਵਿਚ ਹੋਈਆਂ ਖੇਡਾਂ ਵਿਚ ਤਿੰਨ ਮੈਡਲ ਜਿੱਤੇ ਸਨ। ਮੌਜੂਦਾ ਵਿਸ਼ਵ ਚੈਂਪੀਅਨ ਅਦਿਤੀ ਸਵਾਮੀ ਨੇ ਕਾਂਸੇ ਦੇ ਮੈਡਲ ਦੇ ਇਕਤਰਫ਼ਾ ਪਲੇਆਫ ਮੁਕਾਬਲੇ ਵਿਚ ਇੰਡੋਨੇਸ਼ੀਆ ਦੀ ਰਾਤਿਹ ਜਿਲੀਜਾਤੀ ਐੱਫ ਨੂੰ 146-140 ਨਾਲ ਹਰਾਇਆ। ਜੋਤੀ ਨੇ ਦੱਖਣੀ ਕੋਰੀਆ ਦੀ ਸੋ ਚਾਏਵੋਨ ਨੂੰ 149-145 ਨਾਲ ਹਰਾ ਕੇ ਆਪਣਾ ਤੀਜਾ ਗੋਲਡ ਜਿੱਤਿਆ। ਉਹ ਮਿਕਸਡ ਡਬਲਜ਼ ਤੇ ਮਹਿਲਾ ਟੀਮ ਵਰਗ ਦਾ ਗੋਲਡ ਜਿੱਤ ਚੁੱਕੀ ਹੈ। ਉਥੇ ਮਰਦ ਵਰਗ ਵਿਚ ਦੇਵਤਾਲੇ ਨੇ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾਇਆ।
- ਪੁਆਇੰਟਰ
- -ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਤੇ ਓਜਸ ਦੇਵਤਾਲੇ ਨੇ ਕ੍ਰਮਵਾਰ ਮਹਿਲਾ ਤੇ ਮਰਦ ਨਿੱਜੀ ਵਰਗ ਵਿਚ ਜਿੱਤੇ ਗੋਲਡ ਮੈਡਲ, ਅਭਿਸ਼ੇਕ ਨੂੰ ਸਿਲਵਰ ਜਦਕਿ ਅਦਿਤੀ ਸਵਾਮੀ ਨੇ ਜਿੱਤਿਆ ਕਾਂਸਾ
- -ਭਾਰਤੀ ਮਰਦ ਤੇ ਮਹਿਲਾ ਕਬੱਡੀ ਟੀਮਾਂ ਨੇ ਵੀ ਜਿੱਤੇ ਗੋਲਡ ਮੈਡਲ
- -ਮਰਦ ਕ੍ਰਿਕਟ ਨੇ ਵੀ ਆਪਣੇ ਨਾਂ ਕੀਤਾ ਸੋਨਾ, ਬਾਰਿਸ਼ ਕਾਰਨ ਪੂਰਾ ਨਹੀਂ ਹੋ ਸਕਿਆ ਮੈਚ, ਸਿਖਰਲੀ ਰੈਂਕਿੰਗ ਦੇ ਆਧਾਰ ’ਤੇ ਮਿਲਿਆ ਪਹਿਲਾ ਸਥਾਨ
- -ਸਾਤਵਿਕ-ਚਿਰਾਗ ਦੀ ਮਰਦ ਡਬਲਜ਼ ਜੋੜੀ ਨੇ ਬੈਡਮਿੰਟਨ ਵਿਚ ਦਿਵਾਇਆ ਇਤਿਹਾਸਕ ਗੋਲਡ, 1982 ਤੋਂ ਬਾਅਦ ਇਸ ਵਰਗ ਵਿਚ ਦੇਸ਼ ਨੂੰ ਮਿਲਿਆ ਪਹਿਲਾ ਮੈਡਲ
- -ਭਲਵਾਨ ਦੀਪਕ ਪੂਨੀਆ ਫਾਈਨਲ ’ਚ ਹਾਰੇ, ਸਿਲਵਰ ਨਾਲ ਕਰਨਾ ਪਿਆ ਸਬਰ
- -ਮਰਦ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਵੀ ਦਿਵਾਈ ਚਾਂਦੀ
- -ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਜਿੱਤਿਆ ਕਾਂਸੇ ਦਾ ਮੈਡਲ
ਭਾਰਤੀ ਟੀਮ ਕੱਲ੍ਹ ਸ਼ੁਰੂ ਕਰੇਗੀ ਵਿਸ਼ਵ ਕੱਪ ਮੁਹਿੰਮ
ਅਭਿਸ਼ੇਕ ਤ੍ਰਿਪਾਠੀ, ਚੇਨਈ : ਏਸ਼ਿਆਈ ਖੇਡਾਂ ’ਚ 100 ਤੋਂ ਵੱਧ ਮੈਡਲ ਜਿੱਤਣ ਦੇ ਜਸ਼ਨ ਵਿਚ ਡੁੱਬੇ ਭਾਰਤੀ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਵਨ ਡੇ ਵਿਸ਼ਵ ਕੱਪ ’ਤੇ ਟਿਕੀਆਂ ਹੋਣਗੀਆਂ ਜਿਸ ਵਿਚ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਐਤਵਾਰ ਨੂੰ ਪੰਜ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਦੋ ਵਾਰ ਦੇ ਚੈਂਪੀਅਨ ਭਾਰਤ ਦੀ ਬੱਲੇਬਾਜ਼ੀ ਜਿੱਥੇ ਵਿਸ਼ਵ ਪੱਧਰੀ ਹੈ ਤਾਂ ਆਸਟ੍ਰੇਲੀਆ ਦਾ ਗੇਂਦਬਾਜ਼ੀ ਹਮਲਾ ਵੀ ਕੁਝ ਘੱਟ ਨਹੀਂ ਹੈ। ਚੇਨਈ ਦੀ ਤੇਜ਼ ਗਰਮੀ ਉਨ੍ਹਾਂ ਲਈ ਹਾਲਾਂਕਿ ਵੱਡੀ ਚੁਣੌਤੀ ਸਾਬਤ ਹੋਵੇਗੀ। ਭਾਰਤ ਕੋਲ ਅਜਿਹਾ ਕਪਤਾਨ ਹੈ ਜੋ 19 ਨਵੰਬਰ ਨੂੰ ਕੱਪ ਫੜ ਕੇ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਨਵਾਂ ਅਧਿਆਏ ਲਿਖਣਾ ਚਾਹੇਗਾ।



