ਰਾਜੀਵ ਕੁਮਾਰ, ਨਵੀਂ ਦਿੱਲੀ : ਅਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਨਾਲ ਕੰਮ ਲਈ ਘੱਟ ਲੋਕਾਂ ਦੀ ਲੋੜ ਹੋਵੇਗੀ ਤੇ ਨੌਕਰੀਆਂ ਚਲੀਆਂ ਜਾਣਗੀਆਂ। ਪਰ ਇਸ ਤਰ੍ਹਾਂ ਨਹੀਂ ਹੈ। ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਵਲੋਂ ਏਆਈ ਨੂੰ ਲੈ ਕੇ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦੇ ਮੁਤਾਬਕ 38 ਫ਼ੀਸਦੀ ਮੁਲਾਜ਼ਮ ਇਸ ਗੱਲ ਨੂੰ ਲੈ ਕੇ ਸੱਕ ਵਿਚ ਹਨ ਕਿ ਏਆਈ ਨਾਲ ਉਨ੍ਹਾਂ ਦੀ ਨੌਕਰੀ ਪ੍ਰਭਾਵਿਤ ਹੋ ਸਕਦੀ ਹੈ ਤੇ 13 ਫ਼ੀਸਦੀ ਤਾਂ ਇਹ ਮੰਨ ਬੈਠੇ ਹਨ ਕਿ ਏਆਈ ਉਨ੍ਹਾਂ ਦੀ ਨੌਕਰੀ ਖਤਮ ਕਰ ਦੇਵੇਗਾ। ਪਰ ਦੁਨੀਆ ਭਰ ’ਚ ਏਆਈ ਨੂੰ ਲੈ ਕੇ ਜਿਹੜੀ ਕਵਾਇਦ ਚੱਲ ਰਹੀ ਹੈ, ਉਸ ਤੋਂ ਸਾਫ਼ ਜਾਹਿਰ ਹੈ ਕਿ ਏਆਈ ਕਿਸੇ ਵੀ ਦੇਸ਼ ਦੀ ਉਤਪਾਦਕਤਾ ਵਧਾਉਣ ਲਈ ਨਵੀਆਂ ਨੌਕਰੀਆਂ ਦੀ ਸਿਰਜਨਾ ’ਚ ਵੱਡਾ ਮਦਦਗਾਰ ਸਾਬਿਤ ਹੋਣ ਜਾ ਰਿਹਾ ਹੈ। ਸਾਲ 2025 ਤੱਕ ਏਆਈ ਦੀ ਵਰਤੋਂ ਨਾਲ ਦੁਨੀਆ ਭਰ ’ਚ 8.5 ਕਰੋੜ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਸਕਦੀਆਂ ਹਨ ਤੇ 9.7 ਕਰੋੜ ਲੋਕਾਂ ਲਈ ਨੌਕਰੀਆਂ ਦੀ ਸਿਰਜਨਾ ਵੀ ਹੋਵੇਗੀ। ਯਾਨੀ 1.2 ਕਰੋੜ ਜ਼ਿਆਦਾ ਨੌਕਰੀਆਂ ਦੇ ਮੌਕੇ ਨਿਕਲਣਗੇ। ਰਿਪੋਰਟ ਦੇ ਮੁਤਾਬਕ ਮੁੱਖ ਤੌਰ ’ਤੇ ਜਿਨ੍ਹਾਂ ਖੇਤਰਾਂ ’ਚ ਘੱਟ ਕੁਸ਼ਲ ਲੋਕਾਂ ਦੀ ਲੋੜ ਹੈ, ਉੱਥੇ ਏਆਈ ਦੀ ਵਰਤੋਂ ਨਾਲ ਸਭ ਤੋਂ ਜ਼ਿਆਦਾ ਨੌਕਰੀਆਂ ਜਾ ਸਕਦੀਆਂ ਹਨ। ਆਉਣ ਵਾਲੇ ਸਮੇਂ ’ਚ ਏਆਈ ਨਾਲ ਬੈਂਕਿੰਗ, ਰਿਟੇਲ, ਹੈਲਥਕੇਅਰ, ਮੈਨੂਫੈਕਚਰਿੰਗ, ਵੱਖ ਵੱਖ ਤਰ੍ਹਾਂ ਦੀ ਇਸਤੇਮਾਲ ਵਾਲੇ ਖੇਤਰ ਪ੍ਰਭਾਵਿਤ ਹੋਣ ਜਾ ਰਹੇ ਹਨ। ਇਹੀ ਕਾਰਨ ਹੈ ਕਿ ਭਾਰਤ ਨੇ ਏਆਈ ਨੂੰ ਧਿਆਨ ’ਚ ਰੱਖਦੇ ਹੋਏ ਭਵਿੱਖ ’ਚ ਲੋੜ ਪੈਣ ਵਾਲੀ ਕੁਸ਼ਲਤਾ ਨੂੰ ਅਪਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਦਿਸ਼ਾ ’ਚ ਬੁੱਧਵਾਰ ਨੂੰ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਤੇ ਆਈਬੀਐੱਮ ਵਿਚਾਲੇ ਇਕ ਸਮਝੌਤਾ ਕੀਤਾ ਗਿਆ।

ਜਾਣਕਾਰਾਂ ਦੇ ਮੁਤਾਬਕ, ਦੁਨੀਆ ਭਰ ’ਚ ਏਆਈ ਦੀ ਵਰਤੋਂ ਏਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਉਸਨੂੰ ਰੋਕਿਆ ਨਹੀਂ ਜਾ ਸਕਦਾ। ਮੰਤਰਾਲੇ ਦੀ ਮਾਹਿਰ ਕਮੇਟੀ ਦੀ ਰਿਪੋਰਟ ਦੇ ਮੁਤਾਬਕ, ਫਿਲਹਾਲ ਵਿਸ਼ਵ ਪੱਧਰ ’ਤੇ ਏਆਈ ਦਾ ਬਾਜ਼ਾਰ 120 ਅਰਬ ਡਾਲਰ ਦਾ ਹੈ ਜਿਹੜਾ ਹਰ ਸਾਲ 20 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ ਤੇ ਸਾਲ 2030 ਤੱਕ ਏਆਈ ਦਾ ਵਿਸ਼ਵ ਬਾਜ਼ਾਰ 1.5 ਲੱਖ ਕਰੋੜ ਡਾਲਰ ਦਾ ਹੋ ਜਾਵੇਗਾ। ਏਆਈ ਨਾਲ ਸਬੰਧਤ ਹਾਰਡਵੇਅਰ ਦਾ ਬਾਜ਼ਾਰ ਸਾਲ 2030 ਤੱਕ 90 ਅਰਬ ਡਾਲਰ ਦਾ ਹੋ ਜਾਵੇਗਾ ਜਿਹੜਾ ਹਾਲੇ ਸਿਰਫ਼ ਨੌ ਅਰਬ ਡਾਲਰ ਦਾ ਹੈ। ਦੁਨੀਆ ਭਰ ’ਚ 35 ਫ਼ੀਸਦੀ ਕਾਰੋਬਾਰ ’ਚ ਏਆਈ ਦੀ ਵਰਤੋਂ ਹੋ ਰਹੀਹੈ। 84 ਫ਼ੀਸਦੀ ਲੋਕਾਂ ਨੂੰ ਇਹ ਪਤਾ ਤੱਕ ਨਹੀਂ ਹੈ ਕਿ ਉਨ੍ਹਾਂ ਦੇ ਜੀਵਨ ਤੇ ਰੋਜ਼ਮਰਾ ਦੀ ਜ਼ਿੰਦਗੀ ’ਚ ਏਆਈ ਦਾ ਦਾਖਲਾ ਹੋ ਚੁੱਕਾ ਹੈ। ਰਿਪੋਰਟ ਦੇ ਮੁਤਾਬਕ, ਭਾਰਤ ’ਚ ਵੀ ਏਆਈ ਦਾ ਬਾਜ਼ਾਰ ਸਾਲਾਨਾ 20.2 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ ਤੇ ਸਾਲ 2025 ਤੱਕ ਇਹ ਬਾਜ਼ਾਰ 7.8 ਅਰਬ ਡਾਲਰ ਹੋ ਜਾਵੇਗਾ। ਏਆਈ ਦਾ ਬਾਜ਼ਾਰ ਹਾਰਡਵੇਅਰ, ਸਾਫਟਵੇਅਰ ਤੇ ਸਰਵਿਸ ਸਾਰੇ ਸੈਕਟਰਾਂ ’ਚ ਵਧੇਗਾ। ਇਲੈਕਟ੍ਰਾਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਕਹਿੰਦੇ ਹਨ ਕਿ ਏਆਈ ਸੈਗਮੈਂਟ ’ਚ ਵਾਧੇ ਦੀ ਵੱਡੀ ਸੰਭਾਵਨਾ ਹੈ। ਅਸੀਂ ਭਾਰਤ ਏਆਈ ਲਈ ਤੇ ਏਆਈ ਭਾਰਤ ਲਈਸੋਚ ਦੇ ਨਾਲ ਕੰਮ ਕਰ ਰਹੇ ਹਨ।