ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਗੁਰਕੀਰਤ ਸਿੰਘ ਮਾਨ (Gurkeerat Singh Mann) ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 33 ਸਾਲਾ ਗੁਰਕੀਰਤ ਸਿੰਘ ਨੇ ਤਿੰਨ ਵਨਡੇ ਮੈਚਾਂ ‘ਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈਪੀਐਲ ‘ਚ 40 ਤੋਂ ਵੱਧ ਮੈਚ ਖੇਡੇ ਹਨ।

ਗੁਰਕੀਰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਗੁਰਕੀਰਤ ਸਿੰਘ ਮਾਨ ਨੇ ਅੱਠ ਫੋਟੋਆਂ ਸਾਂਝੀਆਂ ਕੀਤੀਆਂ ਤੇ ਇਸ ਦੇ ਨਾਲ ਇਕ ਕੈਪਸ਼ਨ ਲਿਖੀ ਜਿਸ ਤੋਂ ਬਾਅਦ ਕਈ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਗੁਰਕੀਰਤ ਸਿੰਘ ਮਾਨ ਦੀ ਪੋਸਟ

ਅੱਜ ਮੇਰਾ ਸ਼ਾਨਦਾਰ ਕ੍ਰਿਕਟ ਸਫ਼ਰ ਦਾ ਅੰਤ ਹੋਇਆ। ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ ਕਿਉਂਕਿ ਮੈਨੂੰ ਮੇਰੇ ਪਰਿਵਾਰ, ਦੋਸਤਾਂ, ਕੋਚ ਤੇ ਮੇਰੇ ਸਾਥੀਆਂ ਦਾ ਸਮਰਥਨ ਮਿਲਿਆ। ਤੁਸੀਂ ਸਾਰਿਆਂ ਨੇ ਮੇਰੇ ਕਰੀਅਰ ‘ਚ ਅਹਿਮ ਭੂਮਿਕਾ ਨਿਭਾਈ ਹੈ। ਮੈਂ ਬੀਸੀਸੀਆਈ ਤੇ ਪੀਸੀਏ ਦੇ ਲਗਾਤਾਰ ਸਮਰਥਨ, ਮਾਰਗਦਰਸ਼ਨ ਤੇ ਉਤਸ਼ਾਹ ਲਈ ਧੰਨਵਾਦ ਕਰਨਾ ਚਾਹਾਂਗਾ।

ਛੋਟਾ ਅੰਤਰਰਾਸ਼ਟਰੀ ਕੈਰੀਅਰ

33 ਸਾਲਾ ਗੁਰਕੀਰਤ ਸਿੰਘ ਮਾਨ ਨੇ 2016 ‘ਚ ਭਾਰਤ ਲਈ ਤਿੰਨ ਵਨਡੇ ਮੈਚ ਖੇਡੇ ਸਨ। ਇਸ ਦੌਰਾਨ ਉਨ੍ਹਾਂ 13 ਗੇਂਦਾਂ ਦਾ ਸਾਹਮਣਾ ਕੀਤਾ ਤੇ 60 ਗੇਂਦਾਂ ਸੁੱਟੀਆਂ। ਵੈਸੇ, ਘਰੇਲੂ ਕ੍ਰਿਕਟ ‘ਚ ਗੁਰਕੀਰਤ ਸਿੰਘ ਮਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਟ੍ਰਾਈ-ਸੀਰੀਜ਼ ਦੇ ਫਾਈਨਲ ‘ਚ ਭਾਰਤ-ਏ ਨੂੰ ਆਸਟ੍ਰੇਲੀਆ-ਏ ‘ਤੇ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।

ਗੁਰਕੀਰਤ ਸਿੰਘ ਮਾਨ ਨੂੰ 2015 ‘ਚ ਭਾਰਤੀ ਟੈਸਟ ਟੀਮ ‘ਚ ਵੀ ਚੁਣਿਆ ਗਿਆ ਸੀ, ਪਰ ਉਸ ਵੇਲੇ ਉਨ੍ਹਾਂ ਨੂੰ ਡੈਬਿਊ ਕਰਨ ਦਾ ਸੁਭਾਗ ਨਹੀਂ ਮਿਲਿਆ ਸੀ। ਹਾਲਾਂਕਿ, ਗੁਰਕੀਰਤ ਸਿੰਘ ਮਾਨ IPL 2022 ‘ਚ ਗੁਜਰਾਤ ਟਾਈਟਨਸ ਦਾ ਹਿੱਸਾ ਸਨ, ਜਿਨ੍ਹਾਂ ਨੇ ਇਹ ਖਿਤਾਬ ਜਿੱਤਿਆ ਸੀ। ਹਾਲਾਂਕਿ ਚੈਂਪੀਅਨ ਟੀਮ ਦਾ ਮੈਂਬਰ ਹੋਣ ਦੇ ਬਾਵਜੂਦ ਗੁਰਕੀਰਤ ਨੂੰ ਸੀਜ਼ਨ ‘ਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਵੈਸੇ, ਗੁਰਕੀਰਤ ਸਿੰਘ ਮਾਨ ਨੇ ਰਾਇਲ ਚੈਲੰਜਰਜ਼ ਬੰਗਲੌਰ ਤੇ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਲਈ 41 ਆਈਪੀਐਲ ਮੈਚ ਖੇਡੇ।