ਸੁਖਵਿੰਦਰ ਸਿੰਘ ਸਲੌਦੀ, ਖੰਨਾ : ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਕਿਸੇ ਵੀ ਸਰਕਾਰ ਨੇ ਪੰਜਾਬ ‘ਚ ਕੋਈ ਹਸਪਤਾਲ ਨਹੀਂ ਬਣਵਾਇਆ, ਜਿਸ ਘਰ ‘ਚ ਇਹ ਬਿਮਾਰੀ ਦਾਖ਼ਲ ਹੋ ਜਾਵੇ ਪੂਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ। ਉਕਤ ਪ੍ਰਗਟਾਵਾ ਕਰਨੈਲ ਸਿੰਘ ਪੰਜੋਲੀ ਮੈਂਬਰ ਐੱਸਜੀਪੀਸੀ ਤੇ ਸਾਬਕਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੰਜੋਲੀ ਪਿੰਡ ਰਸੂਲੜਾ ਵਿਖੇ ਭਾਈ ਜਤਿੰਦਰ ਸਿੰਘ ਈਸੜੂ ਜਰਨਲ ਸਕੱਤਰ ਯੂਨਾਈਟਿਡ ਅਕਾਲੀ ਦਲ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹੋਏ ਸਨ।

ਉਨ੍ਹਾਂ ਕਿਹਾ ਭਾਈ ਜਤਿੰਦਰ ਸਿੰਘ ਈਸੜੂ ਦੀ ਧਰਮ ਪਤਨੀ ਇਸ ਨਾਮੁਰਾਦ ਬਿਮਾਰੀ ਨਾਲ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਕਿਹਾ ਪੰਜਾਬ ‘ਚ ਤਿੰਨ ਮੁੱਖ ਮੰਤਰੀਆਂ ਦੇ ਆਪਣੇ ਪਰਿਵਾਰਕ ਮੈਂਬਰ ਇਸ ਬਿਮਾਰੀ ਨਾਲ ਇਸ ਦੁਨੀਆਂ ਤੋਂ ਕੂਚ ਕਰ ਗਏ ਪਰ ਕਿਸੇ ਵੀ ਮੁੱਖ ਮੰਤਰੀ ਨੇ ਪੰਜਾਬ ‘ਚ ਕੈਂਸਰ ਵਰਗੀ ਬਿਮਾਰੀ ਦੇ ਇਲਾਜ ਲਈ ਕੋਈ ਹਸਪਤਾਲ ਨਹੀਂ ਬਣਵਾਇਆ। ਇਨ੍ਹਾਂ ਮੁੱਖ ਮੰਤਰੀਆਂ ਨੇ ਇਹ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਅਮੀਰ ਤਾਂ ਪੈਸੇ ਨਾਲ ਇਲਾਜ ਕਰਵਾ ਲੈਂਦਾ ਹੈ ਪਰ ਆਮ ਵਰਗ ਦੇ ਘਰ ਜਦੋਂ ਇਹ ਭਿਆਨਕ ਬਿਮਾਰੀ ਕਿਸੇ ਨੂੰ ਲੱਗ ਜਾਂਦੀ ਹੈ ਤਾਂ ਪਰਿਵਾਰ ਨੂੰ ਦਰ ਦਰ ਮੰਗਣ ਲਗਾ ਦਿੰਦੀ ਹੈ।