ANI, ਨਵੀਂ ਦਿੱਲੀ: Sanjay Singh Suspends: ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਖੇਡ ਮੰਤਰਾਲੇ ਨੇ ਕੁਸ਼ਤੀ ਸੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ WFI ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਦੇ ਸਾਰੇ ਫੈਸਲਿਆਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਨੂੰ ਨੰਦਿਨੀ ਨਗਰ, ਗੋਂਡਾ (ਯੂ.ਪੀ.) ਵਿਖੇ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਮੁਕਾਬਲਿਆਂ ਦੇ ਆਯੋਜਨ ਦੀ ਜ਼ਿੰਮੇਵਾਰੀ ਦਿੱਤੀ ਗਈ।

ਸੰਜੇ ਸਿੰਘ ਦੇ ਪ੍ਰਧਾਨ ਬਣਨ ‘ਤੇ ਖਿਡਾਰੀ ਨਿਰਾਸ਼ ਨਜ਼ਰ ਆਏ

ਤੁਹਾਨੂੰ ਦੱਸ ਦੇਈਏ ਕਿ ਸੰਜੇ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਰਿੰਦਰ ਸਿੰਘ (ਗੂੰਗਾ ਪਹਿਲਵਾਨ) ਵਰਗੇ ਖਿਡਾਰੀਆਂ ਨੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ। ਇਨ੍ਹਾਂ ਖਿਡਾਰੀਆਂ ਨੇ ਦੋਸ਼ ਲਾਇਆ ਕਿ ਸੰਜੇ ਸਿੰਘ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਅਤੇ ਕਾਰੋਬਾਰੀ ਭਾਈਵਾਲ ਹੈ।

ਦਿੱਲੀ ਦੇ ਪ੍ਰੈੱਸ ਕਲੱਬ ਆਫ ਇੰਡੀਆ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸਾਕਸ਼ੀ ਮਲਿਕ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਵੀ ਕਰ ਲਿਆ।

ਖੇਡ ਮੰਤਰਾਲੇ ਨੇ ਕੀ ਕਿਹਾ?

ਖੇਡ ਮੰਤਰਾਲੇ ਨੇ ਹੁਕਮ ‘ਚ ਕਿਹਾ ਕਿ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਚੁਣੀ ਕਾਰਜਕਾਰਨੀ ਵੱਲੋਂ ਲਏ ਗਏ ਫੈਸਲੇ ਪੂਰੀ ਤਰ੍ਹਾਂ ਨਿਯਮਾਂ ਦੇ ਖਿਲਾਫ ਹਨ। ਇਹ ਫੈਸਲੇ ਭਾਰਤੀ ਕੁਸ਼ਤੀ ਸੰਘ ਅਤੇ ਰਾਸ਼ਟਰੀ ਖੇਡ ਵਿਕਾਸ ਕੋਡ ਦੀਆਂ ਵਿਵਸਥਾਵਾਂ ਦੀ ਉਲੰਘਣਾ ਹਨ।

ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਸਾਕਸ਼ੀ ਮਲਿਕ ਤੋਂ ਇਲਾਵਾ ਬਜਰੰਗ ਪੂਨੀਆ ਸਮੇਤ ਕਈ ਪਹਿਲਵਾਨਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।