ਅਰਵਿੰਦ ਸ਼ਰਮਾ, ਨਵੀਂ ਦਿੱਲੀ : ਪਹਾੜਾਂ ’ਤੇ ਬਰਫ਼ਬਾਰੀ, ਵਾਦੀਆਂ ਵਿਚ ਸੀਤ ਲਹਿਰ ਤੇ ਮੈਦਾਨੀ ਇਲਾਕਿਆਂ ਵਿਚ ਧੁੰਦ ਤੋਂ ਤਿੰਨ-ਚਾਰ ਦਿਨਾਂ ਤੱਕ ਰਾਹਤ ਨਹੀਂ ਮਿਲਣ ਵਾਲੀ ਹੈ। ਪੱਛਮੀ ਗੜਬੜੀ ਕਾਰਨ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ (ਆਈਐੱਮਡੀ) ਨੇ 27 ਦਸੰਬਰ ਤੱਕ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਆਸ-ਪਾਸ ਦੇ ਸੂਬਿਆਂ ਵਿਚ ਧੁੰਦ ਪੈਂਦੀ ਰਹਿਣ ਬਾਰੇ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸ ਮਗਰੋਂ ਮੌਸਮ ਵਿਚ ਸੁਧਾਰ ਹੋਵੇਗਾ ਪਰ ਪਾਰਾ ਹੇਠਾਂ ਡਿਗਣ ਕਾਰਨ ਠੰਢ ਵਧਣ ਲੱਗੇਗੀ। ਮੈਦਾਨੀ ਖੇਤਰਾਂ ਵਿਚ ਘੱਟੋ-ਘੱਟ ਤਾਪਮਾਨ ਜਦੋਂ ਚਾਰ ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਆਈਐੱਮਡੀ ਸੀਤ ਲਹਿਰ ਬਾਰੇ ਚਿਤਾਵਨੀ ਜਾਰੀ ਕਰਦਾ ਹੈ। ਇਵੇਂ ਹੀ ਦੋ ਡਿਗਰੀ ਤੋਂ ਘੱਟ ਹੋਣ ’ਤੇ ਗੰਭੀਰ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ। ਹਾਲੇ ਪੱਛਮੀ ਗੜਬੜੀ ਕਾਰਨ ਹਵਾ ਤੇਜ਼ ਚੱਲ ਰਹੀ ਹੈ ਪਰ ਜਲਦੀ ਹੀ ਇਸ ਦਾ ਰੁਖ਼ ਬਦਲ ਸਕਦਾ ਹੈ। ਇਸ ਨਾਲ ਧੁੰਦ ਤੋਂ ਰਾਹਤ ਮਿਲ ਜਾਵੇਗੀ ਪਰ ਠੰਢੀ ਹਵਾ ਜ਼ੋਰ ਫੜ ਸਕਦੀ ਹੈ।

ਅਫ਼ਗ਼ਾਨਿਸਤਾਨ ਤੋਂ ਭਾਰਤ ਤੱਕ ਫੈਲੀ ਪੱਛਮੀ ਗੜਬੜ ਨੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦੇਸ਼ ਦੇ ਉੱਤਰੀ ਤੇ ਉੱਪਰਲੇ ਹਿੱਸਿਆਂ ਵਿਚ ਵਰਖਾ ਤੇ ਪਹਾੜੀ ਸੂਬਿਆਂ ਵਿਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੇਖਿਆ ਜਾ ਰਿਹਾ ਹੈ ਜਿੱਥੇ ਧੁੰਦ ਦਾ ਘੇਰਾ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦਾ ਉੱਤਰੀ ਹਿੱਸਾ ਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਪਈ ਵੇਖੀ ਗਈ ਹੈ।

ਆਈਐੱਮਡੀ ਨੇ ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ ਵਿਚ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਅਤਿ ਸੰਘਣੀ ਧੁੰਦ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ।