ਏਜੰਸੀ, ਕਾਨਪੁਰ : ਆਈਆਈਟੀ ਕਾਨਪੁਰ ਦੇ ਇਕ ਪ੍ਰੋਫੈਸਰ ਦੀ ਭਾਸ਼ਣ ਦਿੰਦੇ ਸਮੇਂ ਅਚਾਨਕ ਮੌਤ ਹੋ ਗਈ। ਸੀਨੀਅਰ ਪ੍ਰੋਫੈਸਰ ਸਮੀਰ ਖਾਂਡੇਕਰ (53) ਸਾਬਕਾ ਵਿਦਿਆਰਥੀਆਂ ਦੇ ਸਮਾਗਮ ‘ਚ ਭਾਸ਼ਣ ਦੇ ਰਹੇ ਸਨ ਜਦੋਂ ਉਹ ਅਚਾਨਕ ਸਟੇਜ ‘ਤੇ ਡਿੱਗ ਗਏ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਉਹ ਬੇਹੋਸ਼ ਹੋ ਗਏ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸਮੀਰ ਖਾਂਡੇਕਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਡੀਨ ਤੇ ਮੁਖੀ ਸਨ। ਇਕ ਸਾਥੀ ਪ੍ਰੋਫੈਸਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਖਾਂਡੇਕਰ ਨੂੰ ਕਰੀਬ ਪੰਜ ਸਾਲ ਪਹਿਲਾਂ ਹਾਈ ਕੋਲੈਸਟ੍ਰੋਲ ਦਾ ਪਤਾ ਲੱਗਾ ਸੀ।

ਦਿੱਲੀ ਤੋਂ ਫੋਨ ‘ਤੇ ਪੀਟੀਆਈ ਨਾਲ ਗੱਲ ਕਰਦੇ ਹੋਏ ਆਈਆਈਟੀ ਕਾਨਪੁਰ ਦੇ ਸਾਬਕਾ ਡਾਇਰੈਕਟਰ ਅਭੈ ਕਰੰਦੀਕਰ ਨੇ ਸਮੀਰ ਖਾਂਡੇਕਰ ਦੇ ਅਚਾਨਕ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਤੇ ਉਨ੍ਹਾਂ ਨੂੰ ਇਕ ਆਦਰਸ਼ ਅਧਿਆਪਕ ਤੇ ਖੋਜਕਰਤਾ ਦੱਸਿਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਆਈਆਈਟੀ ਕਾਨਪੁਰ ਦੇ ਸਿਹਤ ਕੇਂਦਰ ‘ਚ ਰੱਖਿਆ ਗਿਆ ਹੈ ਅਤੇ ਕੈਂਬਰਿਜ ਯੂਨੀਵਰਸਿਟੀ ‘ਚ ਪੜ੍ਹ ਰਹੇ ਉਨ੍ਹਾਂ ਦੇ ਇਕਲੌਤੇ ਪੁੱਤਰ ਪ੍ਰਵਾਹ ਖਾਂਡੇਕਰ ਦੇ ਇੱਥੇ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।