PM Narendra Modi in Varanasi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਵਾਰਾਣਸੀ ਵਿੱਚ ‘ਕਾਸ਼ੀ ਤਮਿਲ ਸੰਗਮ 2.0 ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਐਤਵਾਰ ਸ਼ਾਮ ਨੂੰ ਨਮੋ ਘਾਟ ਤੋਂ ‘ਕਾਸ਼ੀ ਤਮਿਲ ਸੰਗਮ 2.0’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੰਨਿਆਕੁਮਾਰੀ ਤੋਂ ਬਨਾਰਸ ਤੱਕ ਡਿਜੀਟਲ ਮਾਧਿਅਮ ਰਾਹੀਂ ‘ਕਾਸ਼ੀ ਤਮਿਲ ਸੰਗਮ ਐਕਸਪ੍ਰੈਸ’ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

‘ਕਾਸ਼ੀ ਤਾਮਿਲ ਸੰਗਮ’ ਦੂਜੇ ਐਡੀਸ਼ਨ ਵਿੱਚ ਸਾਹਿਤ, ਪੁਰਾਤਨ ਗ੍ਰੰਥ, ਦਰਸ਼ਨ, ਅਧਿਆਤਮਿਕਤਾ, ਸੰਗੀਤ, ਨ੍ਰਿਤ, ਨਾਟਕ, ਯੋਗਾ ਅਤੇ ਆਯੁਰਵੇਦ ਬਾਰੇ ਲੈਕਚਰ ਵੀ ਹੋਣਗੇ। ਇਸ ਤੋਂ ਇਲਾਵਾ ਇਨੋਵੇਸ਼ਨ, ਕਾਰੋਬਾਰ, ਗਿਆਨ ਦੇ ਆਦਾਨ-ਪ੍ਰਦਾਨ, ਸਿੱਖਿਆ ਤਕਨਾਲੋਜੀ ਅਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ ‘ਤੇ ਸੈਮੀਨਾਰ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ।

ਇੱਕ ਸਰਕਾਰੀ ਬਿਆਨ ਦੇ ਅਨੁਸਾਰ, ਸਮਾਗਮ ਵਿੱਚ ਤਾਮਿਲਨਾਡੂ ਅਤੇ ਕਾਸ਼ੀ ਦੀਆਂ ਕਲਾ, ਸੰਗੀਤ, ਹੈਂਡਲੂਮ, ਦਸਤਕਾਰੀ, ਪਕਵਾਨ ਅਤੇ ਹੋਰ ਵਿਸ਼ੇਸ਼ ਉਤਪਾਦਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਸ਼ੀ ਅਤੇ ਤਾਮਿਲਨਾਡੂ ਦੇ ਸੱਭਿਆਚਾਰਾਂ ‘ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਪੀਐਮ ਮੋਦੀ ਦੁਪਹਿਰ ਕਰੀਬ 3.15 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਬਾਬਤਪੁਰ ਹਵਾਈ ਅੱਡੇ ਪੁੱਜੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਸੀਐਮ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਖੜ੍ਹੇ ਲੋਕਾਂ ਨੇ ਨਾਅਰੇ ਲਾਏ।

PM ਮੋਦੀ ਦੇ ਸੰਬੋਧਨ ਦੇ ਵੱਡੇ ਨੁਕਤੇ

ਸੱਭਿਆਚਾਰਕ ਉਤਸਵ ਦੇ ਉਦਘਾਟਨ ‘ਤੇ ਬੋਲਦੇ ਹੋਏ, ਪੀਐਮ ਮੋਦੀ ਨੇ ਕਿਹਾ, “ਤੁਸੀਂ ਸਾਰੇ ਇੱਥੇ ਮਹਿਮਾਨਾਂ ਦੇ ਰੂਪ ਵਿੱਚ, ਮੇਰੇ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਆਏ ਹੋ। ਮੈਂ ਤੁਹਾਨੂੰ ਸਾਰਿਆਂ ਦਾ ਕਾਸ਼ੀ ਤਾਮਿਲ ਸੰਗਮ ਵਿੱਚ ਸੁਆਗਤ ਕਰਦਾ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਵਾਰਾਣਸੀ ਵਿੱਚ ‘ਕਾਸ਼ੀ ਤਮਿਲ ਸੰਗਮ’। ਇਸ ਦੀ ਆਵਾਜ਼ ਪੂਰੇ ਦੇਸ਼ ਅਤੇ ਪੂਰੀ ਦੁਨੀਆ ਵਿਚ ਜਾ ਰਹੀ ਹੈ। ਮੈਂ ਇਸ ਸਮਾਗਮ ਦੇ ਆਯੋਜਨ ਲਈ ਸਾਰੇ ਸਬੰਧਤ ਮੰਤਰਾਲਿਆਂ, ਯੂਪੀ ਸਰਕਾਰ ਅਤੇ ਤਾਮਿਲਨਾਡੂ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਤਾਮਿਲਨਾਡੂ ਤੋਂ ਕਾਸ਼ੀ ਆਉਣ ਦਾ ਮਤਲਬ ਹੈ ਮਹਾਦੇਵ ਦੇ ਇੱਕ ਘਰ ਤੋਂ ਦੂਜੇ ਘਰ ਆਉਣਾ। ਤਾਮਿਲਨਾਡੂ ਤੋਂ ਕਾਸ਼ੀ ਆਉਣ ਦਾ ਮਤਲਬ ਹੈ ਮਦੁਰਾਈ ਮੀਨਾਕਸ਼ੀ ਤੋਂ ਕਾਸ਼ੀ ਵਿਸ਼ਾਲਾਕਸ਼ੀ ਆਉਣਾ। ਇਸੇ ਲਈ ਤਾਮਿਲਨਾਡੂ ਦੇ ਲੋਕਾਂ ਅਤੇ ਕਾਸ਼ੀ ਦੇ ਲੋਕਾਂ ਦੇ ਦਿਲਾਂ ਵਿੱਚ ਮੌਜੂਦ ਪਿਆਰ ਅਤੇ ਬੰਧਨ ਵੱਖਰਾ ਅਤੇ ਵਿਲੱਖਣ ਹੈ।”

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ। ਆਪਣੇ ਦੌਰੇ ਦੌਰਾਨ ਉਹ ਕਾਸ਼ੀ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਲਈ 19,000 ਕਰੋੜ ਰੁਪਏ ਤੋਂ ਵੱਧ ਦੇ 37 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਕਾਸ਼ੀ ਪਹੁੰਚਣ ਤੋਂ ਬਾਅਦ ਲੋਕਾਂ ਨੇ ਪੀਐਮ ਮੋਦੀ ਦੇ ਕਾਫਲੇ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ਨੂੰ ਐਂਬੂਲੈਂਸ ਲਈ ਰਸਤਾ ਬਣਾਉਣ ਲਈ ਰੋਕਿਆ ਗਿਆ।