ਏਐੱਨਆਈ, ਚੇਨਈ: ਤਾਮਿਲਨਾਡੂ ਦੇ ਥੁਥੂਕੁੜੀ ਜ਼ਿਲ੍ਹੇ ‘ਚ ਹੜ੍ਹ ਨੇ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਇਆ ਹੈ। ਹੜ੍ਹ ਕਾਰਨ ਰੇਲਵੇ ਟਰੈਕ ਨੁਕਸਾਨੇ ਗਏ ਹਨ। ਕਈ ਥਾਵਾਂ ‘ਤੇ ਰੇਲਵੇ ਟਰੇਕ ਦੇ ਹੇਠੋਂ ਮਿੱਟੀ ਗਾਇਬ ਹੋ ਗਈ ਹੈ, ਜਿਸ ਕਾਰਨ ਟਰੈਕ ਹਵਾ ‘ਚ ਲਟਕ ਰਿਹਾ ਹੈ।

ਉੱਧਰ, ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਤੱਟੀ ਖੇਤਰਾਂ ‘ਚ ਰਾਹਤ ਕੰਮ ਕਜਾਰੀ ਹੈ ਅਤੇ ਇਸ ਦੌਰਾਨ ਪੁਲਿਸ ਦੇ ਨਾਲ ਐੱਨਡੀਆਰਐੱਫ਼ ਦੀ ਟੀਮ ਨੇ ਸ਼ਨਿੱਚਰਵਾਰ ਨੂੰ ਐੱਸਆਈਪਸੀਓਟੀ ਉਦਯੋਗਿਕ ਖੇਤਰ ‘ਚ ਫਸੇ ਲੋਕਾਂ ਨੁੰ ਸੁਰੱਖਿਆ ਬਾਹਰ ਕੱਢਿਆ। ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਇਨ੍ਹਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਉੱਥੇ, ਹੜ੍ਹ ਨਾਲ ਹੋਏ ਨੁਕਸਾਨ ਨੂੰ ਲੈ ਕੇ ਤਾਮਿਲਨਾਡੂ ਦੇ ਮੁੱਖ ਸਕੱਤਰ ਸ਼ਿਵ ਦਾਸ ਮੀਨਾ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਨਾਲ ਹੀ ਉਨ੍ਹਾਂ ਨੇ ਨੁਕਸਾਨ ਦਾ ਅਨੁਮਾਨ ਵੀ ਲਗਾਇਆ।

ਇਸ ਤੋਂ ਪਹਿਲਾਂ 17 ਅਤੇ 18 ਦਸੰਬਰ ਨੂੰ ਭਿਆਨਕ ਮੀਂਹ ਕਾਰਨ ਅਚਾਨਕ ਆਏ ਹੜ੍ਹ ਨੇ ਥੁਥੂਕੁੜੀ-ਪਲਾਏਮਗੋਟਈ ਰਾਜਮਾਰਗ ਨੂੰ ਨੁਕਸਾਨ ਪਹੁੰਚਾਇਆ ਹੈ। ਹੜ੍ਹ ਕਾਰਨ ਐਂਟੋਨਿਯਾਰਪੁਰਮ ਦੇ ਕੋਲ ਇਕ ਪੁਲ਼ ਟੁੱਟ ਗਿਆ ਹੈ। ਇਸ ਤੋਂ ਇਲਾਵਾ ਥੁਥੂਕੁੜੀ-ਤਿਰੂਚੇਂਦੂਰ ਮਾਰਗ ‘ਤੇ ਏਰਾਲ ਅਤੇ ਅਟੂਰ ‘ਚ ਵੀ ਪੁਲ ਟੁੱਟੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਨਾਲ ਕਈ ਜ਼ਿਲ੍ਹੇ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਸ੍ਰੀਵੈਕੁੰਟਮ, ਅਟੂਰ, ਏਰਾਲ, ਅਗਰਮ ਅਤੇ ਕਿਆਲਪੱਟਿਨਮ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਵਰਣਨਯੋਗ ਹੈ ਕਿ ਹੜ੍ਹ ਨਾਲ ਹੋਏ ਨੁਕਸਾਨ ਨੂੰ ਲੈ ਕੇ ਕੇਂਦਰੀ ਟੀਮ ਪਹਿਲਾਂ ਹੀ ਦੌਰਾ ਕਰ ਚੁੱਕੀ ਹੈ।