ਏਐੱਨਆਈ, ਨਵੀਂ ਦਿੱਲੀ : ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਾਰਟੀ ‘ਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ। ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੂੰ ਪਾਰਟੀ ਉੱਤਰ ਪ੍ਰਦੇਸ਼ ਪਾਰਟੀ ਇੰਚਾਰਜ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ। ਕਾਂਗਰਸ ਨੇ ਹੁਣ ਇਹ ਜ਼ਿੰਮੇਵਾਰੀ ਅਵਿਨਾਸ਼ ਪਾਂਡੇ ਨੂੰ ਸੌਂਪੀ ਹੈ। ਹਾਲ ਹੀ ਵਿੱਚ ਹੋਈ ਕਾਂਗਰਸ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਪਾਰਟੀ ਨੇ ਸ਼ਨਿਚਰਵਾਰ ਨੂੰ ਇਹ ਵੱਡਾ ਸੰਗਠਨਾਤਮਕ ਫੇਰਬਦਲ ਕੀਤਾ।

ਕਾਂਗਰਸ ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ‘ਚ ਵੀ ਪਾਰਟੀ ਇੰਚਾਰਜਾਂ ਨੂੰ ਬਦਲਿਆ ਹੈ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦਾ ਪਾਰਟੀ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ, ਜਦੋਂਕਿ ਰਮੇਸ਼ ਚੇਨਿਥਲਾ ਨੂੰ ਮਹਾਰਾਸ਼ਟਰ ਦਾ ਇੰਚਾਰਜ ਜਨਰਲ ਸਕੱਤਰ ਬਣਾਇਆ ਗਿਆ ਹੈ। ਪੰਜਾਬ ‘ਚ ਵੀ ਦੇਵੇਂਦਰ ਯਾਦਵ ਨੂੰ ਇੰਚਾਰਜ ਲਾਇਆ ਗਿਆ ਹੈ, ਜਦੋਂਕਿ ਹਰੀਸ਼ ਚੌਧਰੀ ਦੀ ਛੁੱਟੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦਿੱਤੀ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਲੇ ਇੰਚਾਰਜ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਛੱਤੀਸਗੜ੍ਹ ਪਾਰਟੀ ਇੰਚਾਰਜ ਕੁਮਾਰੀ ਸ਼ੈਲਜਾ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਸਚਿਨ ਪਾਇਲਟ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਛੱਤੀਸਗੜ੍ਹ ਤੋਂ ਇਲਾਵਾ ਕਾਂਗਰਸ ਨੇ ਮੱਧ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਕੇਰਲਾ, ਪੰਜਾਬ ਤੇ ਤੇਲੰਗਾਨਾ ਦੇ ਇੰਚਾਰਜਾਂ ਨੂੰ ਵੀ ਬਦਲ ਦਿੱਤਾ ਹੈ।

  • ਪੰਜਾਬ: ਹਰੀਸ਼ ਚੌਧਰੀ ਦੀ ਜਗ੍ਹਾ ਦੇਵੇਂਦਰ ਯਾਦਵ ਨੂੰ ਸੌਂਪੀ ਪੰਜਾਬ ਕਾਂਗਰਸ ਇੰਚਾਰਜ ਦੀ ਜ਼ਿੰਮੇਵਾਰੀ।
  • ਮੱਧ ਪ੍ਰਦੇਸ਼: ਰਣਦੀਪ ਸਿੰਘ ਸੁਰਜੇਵਾਲਾ ਦੀ ਜਗ੍ਹਾ ਜਿਤੇਂਦਰ ਸਿੰਘ ਨੂੰ ਮਿਲੀ ਜ਼ਿੰਮੇਵਾਰੀ।
  • ਝਾਰਖੰਡ: ਕਾਂਗਰਸ ਨੇਤਾ ਜੀਏ ਮੀਰ ਨੂੰ ਰਾਜ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਪੱਛਮੀ ਬੰਗਾਲ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਕੇਰਲਾ: ਕਾਂਗਰਸ ਨੇਤਾ ਦੀਪਾ ਦਾਸਮੁਨਸ਼ੀ ਨੂੰ ਕੇਰਲਾ ਦਾ ਪਾਰਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਲਕਸ਼ਦੀਪ ਅਤੇ ਤੇਲੰਗਾਨਾ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਹੈ।
  • ਕਰਨਾਟਕ: ਮੱਧ ਪ੍ਰਦੇਸ਼ ਪਾਰਟੀ ਇੰਚਾਰਜ ਰਣਦੀਪ ਸੁਰਜੇਵਾਲਾ ਨੂੰ ਹਿੰਦੀ ਪੱਟੀ ਰਾਜ ਤੋਂ ਹਟਾ ਕੇ ਕਾਂਗਰਸ ਨੇ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਹੈ।
  • ਉੱਤਰਾਖੰਡ: ਕੁਮਾਰੀ ਸ਼ੈਲਜਾ ਨੂੰ ਛੱਤੀਸਗੜ੍ਹ ਤੋਂ ਹਟਾ ਕੇ ਉੱਤਰਾਖੰਡ ਪਾਰਟੀ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।