ਜਿਤੇਂਦਰ ਸ਼ਰਮਾ, ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ 50 ਫ਼ੀਸਦ ਤੋਂ ਵੱਧ ਵੋਟਾਂ ਹਾਸਿਲ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਭਾਜਪਾ ਇਸ ਵਾਰ ਨਵੀਂ ਰਣਨੀਤੀ ਦੇ ਨਾਲ ਉਤਰਨ ਵਾਲੀ ਹੈ। ਲਗਾਤਾਰ ਤੀਜੀ ਵਾਰ ਸੱਤਾ ਵਿਚ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਾਈਕ੍ਰੋ ਲੈਵਲ’ ਪਲਾਨਿੰਗ ਦਾ ਜਿਹੜਾ ਚੋਣ-ਮੰਤਰ ਦਿੱਤਾ ਹੈ, ਉਸ ਨੂੰ ਜ਼ਮੀਨ ’ਤੇ ਉਤਾਰਨ ਲਈ ਪਾਰਟੀ ਦੇ ਰਣਨੀਤੀਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੌਮੀ ਪ੍ਰਧਾਨ ਜੇਪੀ ਨੱਡਾ ਖ਼ਾਕਾ ਖਿੱਚ ਲਿਆ ਹੈ। ਤੈਅ ਕੀਤਾ ਗਿਆ ਹੈ ਕਿ ਇਸ ਵਾਰ ਪੰਜ-ਪੰਜ ਲੋਕ ਸਭਾ ਸੀਟਾਂ ਦਾ ਕਲਸਟਰ ਬਣਾ ਕੇ ਚੋਣ-ਰਣਨੀਤੀ ਤਿਆਰ ਕੀਤੀ ਜਾਵੇਗੀ। ਕਮਜ਼ੋਰ ਖੇਤਰਾਂ ਵਿਚ ਪਹਿਲਾਂ ਤਾਕਤ ਝੋਕਣ ਦਾ ਇਰਾਦਾ ਕਰ ਚੁੱਕੀ ਪਾਰਟੀ ਨੇ ਅਜਿਹੀਆਂ ਕਰੀਬ 160 ਸੀਟਾਂ ’ਤੇ ਜਲਦੀ ਉਮੀਦਵਾਰ ਤੈਅ ਕਰਨ ਦਾ ਸੰਕੇਤ ਦਿੱਤਾ ਹੈ।

ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਦੇ ਦੂਸਰੇ ਦਿਨ ਵੱਖ-ਵੱਖ ਸੈਸ਼ਨਾਂ ਦੌਰਾਨ ਚੋਣ ਤਿਆਰੀ ਬਾਰੇ ਮੰਥਨ ਚੱਲਿਆ। ਸੂਤਰਾਂ ਨੇ ਦੱਸਿਆ ਸ਼ਾਹ, ਨੱਡਾ ਤੇ ਜਥੇਬੰਦਕ ਜਨਰਲ ਸਕੱਤਰ ਬੀਐੱਲ ਸੰਤੋਸ਼ ਨੇ ਆਪਣੇ-ਆਪਣੇ ਪ੍ਰਗਟਾਵੇ ਵਿਚ ਅਹੁਦੇਦਾਰਾਂ ਨੂੰ ਰਣਨੀਤੀ ਸਮਝਾਈ। ਦੱਸਿਆ ਗਿਆ ਹੈ ਕਿ ਇਸ ਵਾਰ ਸਾਰੀਆਂ 543 ਲੋਕ ਸਭਾ ਸੀਟਾਂ ਨੂੰ ਚਾਰ-ਚਾਰ ਜਾਂ ਪੰਜ-ਪੰਜ ਸੀਟਾਂ ਦੇ ਕਲਸਟਰ ਵਿਚ ਵੰਡਿਆ ਜਾਵੇਗਾ। ਇਨ੍ਹਾਂ ਦੀਆਂ ਵੱਖ-ਵੱਖ ਬੈਠਕਾਂ ਪਾਰਟੀ ਹਾਈ ਕਮਾਨ ਕਰੇਗੀ। ਬਾਰੀਕੀ ਨਾਲ ਇਨ੍ਹਾਂ ਦੇ ਹਾਲਾਤ ਦੀ ਸਮੀਖਿਆ ਲਈ ਰਣਨੀਤੀ ਅੱਗੇ ਵਧਾਈ ਜਾਵੇਗੀ। ਪਾਰਟੀ ਦੇ ਸੀਨੀਅਰ ਆਗੂਆਂ ਨੁੂੰ ਆਖਿਆ ਗਿਆ ਹੈ ਕਿ ਸੂਬਾਈ ਚੋਣਾਂ ਦੀ ਮੈਨੇਜਮੈਂਟ ਤੇ ਲੋਕ ਸਭਾ ਚੋਣ ਇੰਤਜ਼ਾਮਾਂ ਸਬੰਧੀ ਟੀਮ ਇਹੋ-ਜਿਹੀ ਬਣਾਈ ਜਾਵੇ ਕਿ ਜਿਸ ਨੁੂੰ ਦੱਸਿਆ ਗਿਆ ਹੋਵੇ ਕਿ ਪੋਲਿੰਗ ਦੌਰਾਨ ਕਿੱਥੇ ਤੇ ਕਿੰਨੇ ਵਰਕਰ ਭੇਜੇ ਜਾਣੇ ਹਨ। ਟੀਮਾਂ ਦੇ ਗਠਨ ਦਾ ਕੰਮ ਜਨਵਰੀ ਤੱਕ ਪੂਰਾ ਕਰ ਲਿਆ ਜਾਵੇ। ਰਣਨੀਤੀ ਵਿਚ ਇਹ ਵੀ ਸ਼ਾਮਲ ਹੈ ਕਿ ਜਿੱਥੇ ਪਾਰਟੀ ਕਮਜ਼ੋਰ ਹੈ, ਉਥੇ ਹੁਣ ਤੋਂ ਮੀਟਿੰਗਾਂ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਜਨ-ਸੰਵਾਦ ਲਈ ਪ੍ਰੋਗਰਾਮ ਕੀਤੇ ਜਾਣ। ਇਹ ਕੰਮ ਮਜ਼ਬੂਤ, ਕਮਜ਼ੋਰ ਤੇ ਔਸਤ ਸੀਟਾਂ ਦੀ ਗ੍ਰੇਡਿੰਗ ਦੇ ਅਧਾਰ ’ਤੇ ਅਮਲ ਵਿਚ ਲਿਆਂਦਾ ਜਾਵੇਗਾ। ਸੰਕੇਤ ਇਹ ਵੀ ਦਿੱਤਾ ਗਿਆ ਹੈ ਕਿ ਜਿਨ੍ਹਾਂ ਲਗਭਗ 160 ਸੀਟਾਂ ’ਤੇ ਭਾਜਪਾ ਦੋ ਲੋਕ ਸਭਾ ਚੋਣਾਂ ਤੋਂ ਜਿੱਤ ਨਹੀਂ ਸਕੀ ਹੈ, ਉਥੇ ਪਾਰਟੀ ਜਲਦੀ ਹੀ ਉਮੀਦਵਾਰ ਦਾ ਨਾਂ ਐਲਾਨ ਸਕਦੀ ਹੈ। ਸੰਭਾਵਤ ਹੈ ਕਿ ਇਹੋ ਜਿਹੀਆਂ ਸੀਟਾਂ ’ਤੇ ਜਨਵਰੀ ਦੇ ਅੰਤ ਤੱਕ ਉਮੀਦਵਾਰ ਤੈਅ ਕਰ ਲਏ ਜਾਣਗੇ।

———-

ਜਨਤਾ ਨਾਲ ਜੁੜੇ ਰਹਿਣ ਦੀ ਹਦਾਇਤ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜ਼ੋਰ ਇਸ ਗੱਲ ’ਤੇ ਹੈ ਕਿ ਰਣਨੀਤੀ ਸਿਰਫ਼ ਚੋਣ ਜਿੱਤਣ ਲਈ ਹੀ ਨਹੀਂ ਬਣਾਉਣੀ ਹੈ ਸਗੋਂ ਹਰ ਵਰਗ ਤੱਕ ਪਹੁੰਚਣਾ ਅਸਲੀ ਉਦੇਸ਼ ਹੈ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਜਾਤਾਂ ਵੱਲ ਹੈ, ਜੋ ਕਿ ਕਿਸੇ ਜਾਤ-ਅਧਾਰਤ ਪਾਰਟੀ ਵੱਲ ਝੁਕਾਅ ਰੱਖਦੇ ਹਨ ਤੇ ਭਾਜਪਾ ਨੂੰ ਉਨ੍ਹਾਂ ਦੀ ਤੁਲਨਾ ਵਿਚ ਉਸ ਖ਼ਾਸ ਵਰਗ ਦੀਆਂ ਵੋਟਾਂ ਘੱਟ ਮਿਲਦੀਆਂ ਹਨ। ਕਿਹਾ ਗਿਆ ਹੈ ਕਿ ਹਰ ਵਰਗ ਤੱਕ ਪਾਰਟੀ ਦੀ ਪਹੰੁਚ ਬਣਾਉਣਾ ਜ਼ਰੂਰੀ ਹੈ ਤਾਂ ਜੋ ਦਹਾਕਿਆਂ ਤੱਕ ਭਾਜਪਾ ਨੂੰ ਕੋਈ ਹਿਲਾ ਨਾ ਸਕੇ। ਸੰਗਠਨ ਵਿਚ ਕਾਂਗਰਸ ਵਰਗੀ ਕਮਜ਼ੋਰੀ ਨਾ ਰਹੇ, ਇਸ ਲਈ ਜਨਤਾ ਨਾਲ ਜੁੜਾਅ ਜ਼ਰੂਰੀ ਦੱਸਿਆ ਗਿਆ ਹੈ।

ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 25 ਦਸੰਬਰ ਨੁੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ‘ਸੁਸ਼ਾਸਨ ਦਿਵਸ’ ਪੂਰੇ ਮੁਲਕ ਵਿਚ ਮਨਾਇਆ ਜਾਵੇ। 26 ਦਸੰਬਰ ਨੰ ‘ਵੀਰ ਬਾਲਕ ਦਿਵਸ’ ਦੇ ਪ੍ਰੋਗਰਾਮ ਚੰਗੀ ਤਰ੍ਹਾਂ ਕੀਤੇ ਜਾਣ। ਚੋਣਾਂ ਹੋਣ ਤੱਕ ਯੂਥ ਸੰਮੇਲਨ, ਕਿਸਾਨ ਸੰਮੇਲਨ, ਔਰਤ ਸੰਮੇਲਨ ਆਦਿ ਕਰ ਕੇ ਇਨ੍ਹਾਂ ਵਰਗਾਂ ਨੁੂੰ ਨਾਲ ਤੋਰਿਆ ਜਾਵੇ। ਵਿਕਸਤ ਭਾਰਤ ਸੰਕਲਪ ਯਾਤਰਾ ਵਿਚ ਪਾਰਟੀ ਅਹੁਦੇਦਾਰ, ਵਰਕਰ, ਐੱਮਪੀ, ਵਿਧਾਇਕ ਜ਼ਰੂਰ ਜਾਣ। ਹਰ ਥਾਂ ’ਤੇ ਘੱਟੋ-ਘੱਟ ਇਕ ਹਜ਼ਾਰ ਜਣੇ ਇਕੱਠੇ ਹੋਣ।