ਅਮਰੀਕਾ ਦਾ ਚੀਨ ‘ਤੇ ਵੱਡਾ ਐਕਸ਼ਨ: 3 ਪ੍ਰਮੁੱਖ ਜੀਨੋਮਿਕਸ ਕੰਪਨੀਆਂ ਦੇ ਉਤਪਾਦਾਂ ‘ਤੇ ਲਾਈ ਪਾਬੰਦੀ
ਅਮਰੀਕਾ ਨੇ ਚੀਨ ਖਿਲਾਫ ਸਖ਼ਤ ਕਦਮ ਚੁੱਕਦਿਆਂ ਤਿੰਨ ਵੱਡੀਆਂ ਚੀਨੀ ਜੀਨੋਮਿਕਸ ਕੰਪਨੀਆਂ ਦੇ ਉਤਪਾਦਾਂ ਦੀ ਦਰਾਮਦ (ਇੰਪੋਰਟ) 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਸਰਕਾਰ ਮੁਤਾਬਕ, ਇਹ ਕੰਪਨੀਆਂ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ-ਗਿਣਤੀਆਂ ਤੋਂ ਜਬਰੀ ਮਜ਼ਦੂਰੀ ਕਰਵਾਉਣ ਵਿੱਚ ਮਦਦ ਕਰ ਰਹੀਆਂ ਸਨ। ਇਨ੍ਹਾਂ ਕੰਪਨੀਆਂ—BGI ਜੀਨੋਮਿਕਸ, MGI ਟੈਕ, ਅਤੇ ਸ਼ੇਨਜ਼ੇਨ BGI ਟੈਕਨਾਲੋਜੀ—ਨੂੰ 'ਉਈਗਰ ਫੋਰਸਡ ਲੇਬਰ ਪ੍ਰੀਵੈਨਸ਼ਨ ਐਕਟ' ਤਹਿਤ ਪਾਬੰਦੀਸ਼ੁਦਾ ਸੂਚੀ ਵਿੱਚ ਪਾਇਆ ਗਿਆ ਹੈ। ਅਮਰੀਕੀ ਕਸਟਮ ਵਿਭਾਗ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਕੰਪਨੀਆਂ ਦਾ ਸਾਮਾਨ ਅਮਰੀਕਾ ਦੀ ਹੱਦ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਕੰਪਨੀਆਂ ਚੀਨੀ ਸਰਕਾਰ ਨਾਲ ਮਿਲ ਕੇ ਗੈਰ-ਕਾਨੂੰਨੀ ਜੈਨੇਟਿਕ ਟੈਸਟਿੰਗ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ਕੰਪਨੀਆਂ ਅਤੇ ਚੀਨੀ ਦੂਤਾਵਾਸ ਨੇ ਅਮਰੀਕਾ ਵੱਲੋਂ ਲਾਏ ਗਏ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ।



