ਸਟੇਟ ਬਿਊਰੋ, ਕੋਲਕਾਤਾ : ਭਰਤੀ ਘਪਲੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਹੁਕਮ ’ਚ ਦਖ਼ਲ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜੱਜ ਅੰਮ੍ਰਿਤਾ ਸਿਨਹਾ ਦੀ ਸਿੰਗਲ ਬੈਂਚ ਤੇ ਜੱਜ ਸੌਮੇਨ ਸੇਨ ਦੀ ਬੈਂਚ ਦੇ ਹੁਕਮਾਂ ’ਚ ਕੋਈ ਦਖ਼ਲ ਨਹੀਂ ਕਰੇਗੀ ਪਰ ਈਡੀ ਨੂੰ ਕਾਨੂੰਨ ਮੁਤਾਬਕ ਕੰਮ ਕਰਨਾ ਪਵੇਗਾ। ਕਾਨੂੰਨ ਤੋਂ ਬਾਹਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਤੇ ਜੱਜ ਐੱਸਵੀਐੱਨ ਭੱਟੀ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਖ਼ਾਰਜ ਕਰ ਦਿੱਤੀ। ਅਭਿਸ਼ੇਕ ਬੈਨਰਜੀ ਨੇ ਕਲਕੱਤਾ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੂੰ ਕਿਹਾ ਸੀ ਕਿ ਹਾਈ ਕੋਰਟ ਦੀ ਜਸਟਿਸ ਸਿਨਹਾ ਦੇ ਕਈ ਹੁਕਮਾਂ ਨਾਲ ਉਨ੍ਹਾਂ ਦੇ ਅਧਿਕਾਰ ਅਤੇ ਹਿੱਤ ਪ੍ਰਭਾਵਿਤ ਹੋ ਰਹੇ ਹਨ। ਜਸਟਿਸ ਸਿਨਹਾ ਖ਼ਾਸ ਤੌਰ ’ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਤੇ ਲਿਪਸ ਐਂਡ ਬਾਊਂਡਸ ਕੰਪਨ ਖ਼ਿਲਾਫ਼ ਈਡੀ ਨੂੰ ਨਿਰਦੇਸ਼ ਦੇ ਰਹੇ ਹਨ। ਕੇਂਦਰੀ ਜਾਂਚ ਏਜੰਸੀ ਨੂੰ ਘੱਟ ਸਮੇਂ ’ਚ ਕਰੀਬ 10 ਸਾਲ ਪਹਿਲਾਂ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਨੂੰ ਕਿਹਾ ਗਿਆ ਹੈ। ਅਦਾਲਤ ਜਾਂਚ ਦੀ ਨਿਗਰਾਨੀ ਕਰਨ ਦੀ ਬਜਾਏ ਦੇਖਰੇਖ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਜੱਜ ਸੌਮੇਨ ਸੇਨ ਤੇ ਜੱਜ ਉਦੈ ਕੁਮਾਰ ਦੀ ਬੈਂਚ ਨੇ ਅਭਿਸ਼ੇਕ ਦੀ ਪਟੀਸ਼ਨ ’ਤੇ ਕੋਈ ਰਾਹਤ ਨਹੀਂ ਸੀ ਦਿੱਤੀ ਤੇ ਉਨ੍ਹਾਂ ਨੂੰ ਜਾਂਚ ’ਚ ਮਦਦ ਕਰਨ ਲਈ ਕਿਹਾ ਸੀ। ਅਭਿਸ਼ੇਕ ਨੇ ਬੈਂਚ ੇਦ ਹੁਕਮ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।