ਨਵੀਂ ਦਿੱਲੀ : ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੂੰ ਰੌਜ਼ ਐਵੇਨਿਊ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੰਜ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਸੰਜੇ ਸਿੰਘ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਜੇ ਸਿੰਘ ਨੂੰ ਪੇਸ਼ ਕਰਦਿਆਂ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਸੰਜੇ ਸਿੰਘ ਦੇ ਰਿਮਾਂਡ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਸੰਜੇ ਸਿੰਘ ਵੱਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਪੇਸ਼ ਹੋਏ। ਮੋਹਿਤ ਮਾਥੁਰ ਨੇ ਕਿਹਾ ਕਿ ਦਿਨੇਸ਼ ਅਰੋੜਾ ਦੋਵਾਂ ਮਾਮਲਿਆਂ ਵਿੱਚ ਸਰਕਾਰੀ ਗਵਾਹ ਬਣ ਚੁੱਕੇ ਹਨ। ਦਿਨੇਸ਼ ਅਰੋੜਾ ਦਾ ਬਦਲਦਾ ਰਵੱਈਆ ਦੇਖੋ। ਉਹ ਮਾਰਚ ਅਤੇ ਅਪ੍ਰੈਲ ਵਿੱਚ ਬਿਆਨ ਦਿੰਦਾ ਹੈ। ਉਸ ਨੂੰ ਜ਼ਮਾਨਤ ਮਿਲ ਗਈ ਅਤੇ ਫਿਰ ਉਸ ਦੀ ਸੁਰ ਬਦਲ ਗਏ।

ਦੱਸ ਦਈਏ ਕਿ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ‘ਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸੰਜੇ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਸ਼ਵਾਸਪਾਤਰ ਹਨ। ਇਸ ਲਈ ਉਸ ਦੀ ਗ੍ਰਿਫ਼ਤਾਰੀ ਕਾਰਨ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

ਸਾਰੇ ਝੂਠੇ ਕੇਸ ਦਰਜ ਕੀਤੇ ਗਏ ਹਨ – ਅਰਵਿੰਦ ਕੇਜਰੀਵਾਲ

ਸੰਜੇ ਸਿੰਘ ਦੀ ਗ੍ਰਿਫਤਾਰੀ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਝੂਠੇ ਕੇਸ ਦਰਜ ਕੀਤੇ ਗਏ ਹਨ, ਝੂਠੀ ਜਾਂਚ ਦੀ ਖੇਡ ਵਿੱਚ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਜਾਂਚ ਏਜੰਸੀਆਂ ਅਤੇ ਸਰਕਾਰ ਦੋਵਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ। ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ, ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਦੇਸ਼ ਤਰੱਕੀ ਕਰੇਗਾ। ਝੂਠੇ ਕੇਸਾਂ ਵਿੱਚ ਫਸਣ ਨਾਲ ਦੇਸ਼ ਤਰੱਕੀ ਨਹੀਂ ਕਰੇਗਾ।

ਜੇਕਰ ਕੋਈ ਗੁਨਾਹ ਕੀਤਾ ਹੈ ਤਾਂ ਸਖ਼ਤ ਸਜ਼ਾ ਦਿੱਤੀ ਜਾਵੇ- ਸੰਜੇ ਸਿੰਘ

ਪੇਸ਼ੀ ਦੌਰਾਨ ਸੰਜੇ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਝੂਠ ਦੀ ਕੋਈ ਹੱਦ ਨਹੀਂ ਹੁੰਦੀ। ਦਿਨੇਸ਼ ਅਰੋੜਾ ਅਤੇ ਅਮਿਤ ਅਰੋੜਾ ਨੇ ਕਈ ਵਾਰ ਬਿਆਨ ਦਿੱਤੇ ਪਰ ਸੰਜੇ ਸਿੰਘ ਦਾ ਨਾਂ ਨਹੀਂ ਲਿਆ ਪਰ ਅਚਾਨਕ ਮੇਰਾ ਨਾਂ ਲੈ ਲਿਆ। ਸੰਜੇ ਸਿੰਘ ਨੇ ਅੱਗੇ ਕਿਹਾ ਕਿ ਮੈਂ ਹੱਥ ਜੋੜ ਕੇ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਗੁਨਾਹ ਕੀਤਾ ਹੈ ਤਾਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੀ ਮੇਰੇ ਲਈ ਕੋਈ ਵੱਖਰਾ ਕਾਨੂੰਨ ਹੈ, ਮੇਰੇ ਨਾਲ ਕਦੇ ਵੀ ਬਰਾਬਰੀ ਵਾਲਾ ਸਲੂਕ ਨਹੀਂ ਕੀਤਾ ਗਿਆ। ‘ਆਪ’ ਸਾਂਸਦ ਨੇ ਕਿਹਾ ਕਿ ਅਜੇ ਸਿੰਘ ਨੂੰ ਬਦਲ ਕੇ ਸੰਜੇ ਸਿੰਘ ਕੀਤਾ ਜਾ ਸਕਦਾ ਹੈ, ਪਰ ਰਾਹੁਲ ਸਿੰਘ ਦਾ ਸੰਜੇ ਸਿੰਘ ਕਰ ਦਿੱਤਾ।