ਮੁੰਬਈ (ਪੀਟੀਆਈ) : ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਬੈਂਕ ਖਾਤੇ ‘ਚ ਜਮ੍ਹਾ ਕਰਨ ਜਾਂ ਉਨ੍ਹਾਂ ਨੂੰ ਦੂਜੇ ਮੁੱਲ ਦੇ ਨੋਟਾਂ ਵਿਚ ਬਦਲਣ ਦਾ ਸ਼ਨਿਚਰਵਾਰ ਨੂੰ ਆਖ਼ਰੀ ਦਿਨ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਪੀ) ਦੀ ਬੈਠਕ ਤੋਂ ਬਾਅਦ ਗਵਰਨਰ ਸ਼ਕਤੀ ਕਾਂਤ ਦਾਸ ਨੇ ਕਿਹਾ ਕਿ 12 ਹਜ਼ਾਰ ਕਰੋੜ ਰੁਪਏ ਮੁੱਲ ਦੇ ਦੋ ਹਜ਼ਾਰ ਰੁਪਏ ਦੇ ਨੋਟ ਹਾਲੇ ਵੀ ਚੱਲੀਂ ਜਾਂਦੇ ਹਨ। ਆਰਬੀਆਈ ਨੇ ਇਸੇ ਸਾਲ 19 ਮਈ ਨੂੰ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਦੋਂ 3.56 ਲੱਖ ਕਰੋੜ ਰੁਪਏ ਦੇ ਦੋ ਹਜ਼ਾਰ ਰੁਪਏ ਦੇ ਨੋਟ ਚੱਲ ਰਹੇ ਸਨ।
ਆਰਬੀਆਈ ਦੇ ਗਵਰਨਰ ਦਾਸ ਨੇ ਕਿਹਾ ਕਿ ਹੁਣ ਤੱਕ ਵਾਪਸ ਆਏ ਕੁੱਲ ਨੋਟਾਂ ’ਚੋਂ 87 ਫ਼ੀਸਦੀ ਨੋਟ ਬੈਂਕ ਖਾਤਿਆਂ ’ਚ ਜਮ੍ਹਾ ਹੋਏ ਹਨ, ਜਦਕਿ ਬਾਕੀ ਨੋਟ ਵੱਖ ਵੱਖ ਕਾਊਂਟਰਾਂ ਦੇ ਜ਼ਰੀਏ ਬਦਲੇ ਗਏ ਹਨ। ਆਰਬੀਆਈ ਨੇ ਪਿਛਲੇ ਹਫਤੇ ਵੀ ਕਿਹਾ ਸੀ ਕਿ 29 ਸਤੰਬਰ ਤੱਕ 3.42 ਲੱਖ ਕਰੋੜ ਰੁਪਏ ਮੁੱਲ ਦੇ ਨੋਟ ਵਾਪਸ ਆ ਗਏ ਹਨ ਤੇ 14 ਹਜ਼ਾਰ ਕਰੋੜ ਰੁਪਏ ਮੁੱਲ ਦੇ ਨੋਟ ਬਕਾਇਆ ਹਨ। ਨਾਲ ਹੀ ਕੇਂਦਰੀ ਬੈਂਕ ਨੇ 2,000 ਰੁਪਏ ਦੇ ਨੋਟਾਂ ਨੂੰ ਬੈਂਕ ਖਾਤਿਆਂ ’ਚ ਜਮ੍ਹਾ ਕਰਨ ਜਾਂ ਉਨ੍ਹਾਂ ਨੂੁੰ ਬਦਲਣ ਦੀ ਆਖ਼ਰੀ ਤਰੀਕ ਵਧਾ ਕੇ ਸੱਤ ਅਕਤੂਬਰ ਕਰ ਦਿੱਤੀ ਸੀ। ਕੇਂਦਰੀ ਬੈਂਕ ਨੇ ਕਿਹਾ ਸੀ ਕਿ ਅੱਠ ਅਕਤੂਬਰ ਤੋਂ 2,000 ਰੁਪਏ ਦੇ ਨੋਟਾਂ ਨੂੰ ਆਰਬੀਆਈ ਦੇ 19 ਖੇਤਰੀ ਦਫਤਰਾਂ ਵਿਚ ਬਦਲਿਆ ਜਾ ਸਕਦਾ ਹੈ। ਇਨ੍ਹਾਂ ਦਫਤਰਾਂ ਵਿਚ ਇਕ ਵਾਰੀ ’ਚ ਸਿਰਫ਼ 20 ਹਜ਼ਾਰ ਰੁਪਏ ਦੇ ਨੋਟ (ਦੋ ਹਜ਼ਾਰ ਦੇ 10 ਨੋਟ) ਬਦਲੇ ਜਾਣਗੇ। ਜਿਨ੍ਹਾਂ ਲੋਕਾਂ ਦੇ ਘਰ ਇਨ੍ਹਾਂ ਦਫਤਰਾਂ ਤੋਂ ਦੂਰ ਹਨ, ਉਹ ਡਾਕ ਰਾਹੀਂ ਆਪਣੇ ਨੋਟਾਂ ਨੂੰ ਆਰਬੀਆਈ ਦਫਤਰ ਵਿਚ ਭੇਜ ਕੇ ਉਨ੍ਹਾਂ ਨੂੰ ਸਿੱਧੇ ਆਪਣੇ ਬੈਂਕ ਖਾਤੇ ’ਚ ਟਰਾਂਸਫਰ ਕਰਨ ਦੀ ਸੁਵਿਧਾ ਵੀ ਹਾਸਲ ਕਰ ਸਕਦੇ ਹਨ।



