ਪੀਟੀਆਈ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਰੈਪੋ ਰੇਟ ਨੂੰ ਲੈ ਕੇ ਵੱਡੀ ਟਿੱਪਣੀ ਕੀਤੀ ਹੈ।
ਗਵਰਨਰ ਨੇ ਕਿਹਾ ਕਿ ਰੈਪੋ ਰੇਟ ਫਿਲਹਾਲ ਉੱਚ ਪੱਧਰ ‘ਤੇ ਰਹੇਗਾ ਤੇ ਸਮਾਂ ਹੀ ਦੱਸੇਗਾ ਕਿ ਇਹ ਇਸ ਉੱਚ ਪੱਧਰ ‘ਤੇ ਕਿੰਨਾ ਸਮਾਂ ਰਹੇਗਾ। ਗਵਰਨਰ ਨੇ ਅੱਗੇ ਕਿਹਾ ਕਿ ਮੌਜੂਦਾ ਭੂ-ਰਾਜਨੀਤਕ ਸੰਕਟ ਦੇ ਮੱਦੇਨਜ਼ਰ, ਵਿਸ਼ਵ ਭਰ ਦੇ ਪ੍ਰਮੁੱਖ ਕੇਂਦਰੀ ਬੈਂਕਾਂ ਨੇ ਉੱਚ ਮਹਿੰਗਾਈ ਨਾਲ ਨਜਿੱਠਣ ਲਈ ਆਪਣੀਆਂ ਪ੍ਰਮੁੱਖ ਨੀਤੀਗਤ ਦਰਾਂ ਵਿੱਚ ਵਾਧਾ ਕੀਤਾ ਹੈ।
ਮੌਜੂਦਾ ਵਿਆਜ ਦਰ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਆਰਬੀਆਈ ਨੇ ਮਈ 2022 ਤੋਂ ਫਰਵਰੀ 2023 ਤਕ ਰੈਪੋ ਰੇਟ ‘ਚ 250 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਹਾਲਾਂਕਿ, ਫਰਵਰੀ 2023 ਤੋਂ ਬਾਅਦ ਆਰਬੀਆਈ ਨੇ ਰੈਪੋ ਦਰ ਨੂੰ 6.5 ਪ੍ਰਤੀਸ਼ਤ ‘ਤੇ ਸਥਿਰ ਰੱਖਿਆ ਹੈ।
ਦਿੱਲੀ ‘ਚ ਹੋਏ ਕੌਟਿਲਯ ਆਰਥਿਕ ਸੰਮੇਲਨ ‘ਚ ਬੋਲਦੇ ਹੋਏ ਗਵਰਨਰ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਸਰਗਰਮ ਰੂਪ ‘ਚ ਕੀਮਤ ‘ਚ ਕਟੌਤੀ ਕਰਨ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਰੇਲੂ ਮਹਿੰਗਾਈ ਦਰ ਜੁਲਾਈ ‘ਚ 7.44 ਪ੍ਰਤੀਸ਼ਤ ਦੇ ਉੱਚੇ ਪੱਧਰ ਤੋਂ ਹੇਠਾਂ ਸੁਚਾਰੂ ਢੰਗ ਨਾਲ ਜਾਰੀ ਰਹੇ।
ਲਗਾਤਾਰ ਚੌਥੀ ਵਾਰ ਸਥਿਰ ਰਿਹਾ ਰੈਪੋ ਰੇਟ
ਇਸ ਮਹੀਨੇ ਹੋਈ ਆਰਬੀਆਈ ਦੀ ਐਮਪੀਸੀ ਮੀਟਿੰਗ ‘ਚ ਰੈਪੋ ਰੇਟ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਗਿਆ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਰੈਪੋ ਦਰ ਨੂੰ 6.5 ਫੀਸਦੀ ‘ਤੇ ਸਥਿਰ ਰੱਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ RBI ਦੀ MPC ਦੀ ਹਰ ਦੋ ਮਹੀਨੇ ‘ਚ ਇੱਕ ਵਾਰ ਮੀਟਿੰਗ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਰੇਪੋ ਰੇਟ ਉਹ ਦਰ ਹੈ ਜਿਸ ‘ਤੇ ਆਰਬੀਆਈ ਦੇਸ਼ ਦੇ ਬੈਂਕਾਂ ਨੂੰ ਪੈਸਾ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਆਰਬੀਆਈ ਜਿੰਨਾ ਜ਼ਿਆਦਾ ਰੈਪੋ ਰੇਟ ਵਧਾਏਗਾ, ਬੈਂਕ ਨੂੰ ਓਨੀ ਹੀ ਜ਼ਿਆਦਾ ਦਰ ਨਾਲ ਪੈਸਾ ਮਿਲੇਗਾ ਤੇ ਫਿਰ ਬੈਂਕ ਸਾਨੂੰ ਅਤੇ ਤੁਹਾਨੂੰ ਜ਼ਿਆਦਾ ਵਿਆਜ ਦਰ ‘ਤੇ ਪੈਸੇ ਦੇਵੇਗਾ।
WHO, WTO, UN ਵਰਗੀਆਂ ਸੰਸਥਾਵਾਂ ਦਾ ਘਟਿਆ ਪ੍ਰਭਾਵ
ਇਸੇ ਕਾਨਫਰੰਸ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕ, ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਵਿਸ਼ਵ ਸਿਹਤ ਸੰਗਠਨ ਆਦਿ ਬਹੁਪੱਖੀ ਸੰਸਥਾਵਾਂ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਸਭ ਦਾ ਪ੍ਰਭਾਵ ਵਿਸ਼ਵ ਪੱਧਰ ‘ਤੇ ਘਟਿਆ ਹੈ ਤੇ ਇਸ ਗੱਲ ਨੂੰ ਬੋਲਣ ‘ਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ।



