ਜ.ਸ, ਲੁਧਿਆਣਾ : ਇਸਲਾਮਗੰਜ ਇਲਾਕੇ ’ਚ ਸਥਿਤ ਗੋਪਾਲ ਮੰਦਰ ’ਚ ਐਤਵਾਰ ਸ਼ਾਮ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦ ਕੁਝ ਨਕਾਬਪੋਸ਼ ਨੌਜਵਾਨ ਮੰਦਰ ’ਚ ਦਾਖ਼ਲ ਹੋ ਗਏ ਤੇ ਮਹਾਆਰਤੀ ਰੁਕਵਾ ਦਿੱਤੀ। ਉਕਤ ਨੌਜਵਾਨਾਂ ਨਾਲ ਕਈ ਲੋਕ ਸਨ। ਜਦ ਵਿਵਾਦ ਵਧ ਗਿਆ ਤਾਂ ਉਹ ਉਥੋਂ ਫ਼ਰਾਰ ਹੋ ਗਏ। ਇਸ ਘਟਨਾ ਦਾ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਹੈ। ਗੋਪਾਲ ਮੰਦਰ ਦੇ ਸੇਵਾਦਾਰ ਵਿਨੀਤ ਦੁਆ ਮੁਤਾਬਕ ਐਤਵਾਰ ਸ਼ਾਮ ਲਗਪਗ ਸਵਾ 7 ਵਜੇ ਮੰਦਰ ’ਚ ਪੰਡਤ ਮਹਾਆਰਤੀ ਕਰ ਰਹੇ ਸਨ। ਇਸ ਦੌਰਾਨ ਕੁਝ ਸ਼ਰਾਰਤੀ ਲੋਕ ਮੰਦਰ ’ਚ ਵੜ ਗਏ, ਜਿਨ੍ਹਾਂ ਨੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਮਹਾਆਰਤੀ ਰੁਕਵਾ ਦਿੱਤੀ।

ਪੰਡਤ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਪੈਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਡਵੀਜ਼ਨ ਨੰਬਰ-2 ਦੇ ਐੱਸਐੱਚਓ ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।