ਦੁਬਈ (ਪੀਟੀਆਈ) : ICC ਕ੍ਰਿਕਟ ਵਿੱਚ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਇਸ ਦੇ ਤਹਿਤ ਸਟਾਪ ਕਲਾਕ ਦੀ ਵਰਤੋਂ ਟੀ-20ਆਈ ‘ਚ ਟ੍ਰਾਇਲ ਦੇ ਤੌਰ ‘ਤੇ ਕੀਤੀ ਜਾਵੇਗੀ। ਇਸ ਨਿਯਮ ਤਹਿਤ ਪਹਿਲਾ ਮੈਚ 13 ਦਸੰਬਰ (ਬੁੱਧਵਾਰ) ਨੂੰ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਆਈਸੀਸੀ ਇਸ ਨਿਯਮ ਦੇ ਜ਼ਰੀਏ ਖੇਡ ਨੂੰ ਤੇਜ਼ ਕਰਨਾ ਚਾਹੁੰਦਾ ਹੈ।

ਓਵਰਾਂ ਵਿਚਾਲੇ ਲੱਗਣ ਵਾਲੇ ਸਮੇਂ ਨੂੰ ਸੀਮਤ ਕਰਨ ਲਈ ਸਟਾਪ ਕਲਾਕ ਟਰਾਇਲ ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਨਾਲ ਸ਼ੁਰੂ ਹੋਵੇਗਾ। ਖੇਡ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਟਰਾਇਲ ਦੀ ਸ਼ੁਰੂਆਤ ਮੰਗਲਵਾਰ ਨੂੰ ਬਾਰਬਾਡੋਸ ’ਚ ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਪਹਿਲੇ ਟੀ-20 ਮੁਕਾਬਲੇ ਨਾਲ ਹੋਵੇਗੀ। ਆਈਸੀਸੀ ਨੇ ਕਿਹਾ ਕਿ ਸਟਾਪ ਕਲਾਕ ਨਾਲ ਓਵਰਾਂ ਵਿਚਾਲੇ ਲੱਗਣ ਵਾਲੇ ਸਮੇਂ ਨੂੰ ਸੀਮਤ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਗੇਂਦਬਾਜ਼ੀ ਟੀਮ ਨੂੰ ਪਿਛਲਾ ਓਵਰ ਪੂਰਾ ਕਰਨ ਤੋਂ 60 ਸਕਿੰਟ ਅੰਦਰ ਅਗਲੇ ਓਵਰ ਦੀ ਪਹਿਲੀ ਗੇਂਦ ਸੁੱਟਣ ਲਈ ਤਿਆਰ ਹੋਣਾ ਪਵੇਗਾ। ਪਾਰੀ ਵਿਚ ਤੀਜੀ ਵਾਰ ਅਜਿਹਾ ਕਰਨ ਵਿਚ ਨਾਕਾਮ ਰਹਿਣ ’ਤੇ (ਦੋ ਚੇਤਾਵਨੀਆਂ ਤੋਂ ਬਾਅਦ) ਫੀਲਡਿੰਗ ਟੀਮ ਖ਼ਿਲਾਫ਼ ਪੰਜ ਦੌੜਾਂ ਦੀ ਪੈਨਲਟੀ ਲਾਈ ਜਾਵੇਗੀ। ਆਈਸੀਸੀ ਦੇ ਕ੍ਰਿਕਟ ਜਨਰਲ ਮੈਨੇਜਰ ਵਸੀਮ ਖ਼ਾਨ ਨੇ ਕਿਹਾ ਕਿ ਸਾਡਾ ਧਿਆਨ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ’ਚ ਖੇਡ ਦੀ ਰਫ਼ਤਾਰ ਵਿਚ ਵਾਧਾ ਕਰਨ ਦੇ ਤਰੀਕੇ ਲੱਭਣ ’ਤੇ ਹੈ। ਚਿੱਟੀ ਗੇਂਦ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਟਾਪ ਕਲਾਕ ਟਰਾਇਲ ਤੋਂ ਪਹਿਲਾਂ 2022 ਵਿਚ ਖੇਡਣ ਦੇ ਨਵੇਂ ਹਾਲਾਤ ਨੂੰ ਸਫਲਤਾ ਨਾਲ ਲਾਗੂ ਕੀਤਾ ਗਿਆ ਜਿਸ ਮੁਤਾਬਕ ਤੈਅ ਸਮੇਂ ਵਿਚ ਜੇ ਟੀਮ ਆਖ਼ਰੀ ਓਵਰ ਦੀ ਪਹਿਲੀ ਗੇਂਦ ਸੁੱਟਣ ਦੀ ਸਥਿਤੀ ਵਿਚ ਨਹੀਂ ਹੁੰਦੀ ਹੈ ਤਾਂ ਉਸ ਨੂੰ ਅੰਦਰੂਨੀ ਘੇਰੇ ਤੋਂ ਬਾਹਰ ਸਿਰਫ਼ ਚਾਰ ਫੀਲਡਰਾਂ ਨੂੰ ਖੜ੍ਹਾ ਕਰਨ ਦੀ ਇਜਾਜ਼ਤ ਹੋਵੇਗੀ। ਟਰਾਇਲ ਖ਼ਤਮ ਹੋਣ ਤੋਂ ਬਾਅਦ ਸਟਾਪ ਕਲਾਕ ਟਰਾਇਲ ਦੇ ਨਤੀਜਿਆਂ ਨੂੰ ਪਰਖਿਆ ਜਾਵੇਗਾ।