ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਿੰਡਨਬਰਗ ਰਿਪੋਰਟ ਤੋਂ ਬਾਅਦ ਹੁਣ ਕੋਲਾ ਦਰਾਮਦ ਵਿਚ ਦੁੱਗਣੀ ਬਿਲਿੰਗ ਨੂੰ ਲੈ ਕੇ ਅਡਾਨੀ ਸਮੂਹ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਦੀ ਆੜ ’ਚ ਬਿਜਲੀ ਮਹਿੰਗੀ ਕਰ ਕੇ ਜਨਤਾ ਨੂੰ ਠੱਗਿਆ ਜਾ ਰਿਹਾ ਹੈ। ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦੀ ਲੁੱਟ ਕੀਤੀ ਜਾ ਚੁੱਕੀ ਹੈ। ਰਾਹੁਲ ਨੇ ਕਿਹਾ ਕਿ ਸੱਤਾ ਦੀ ਸੁਰੱਖਿਆ ਹੋਣ ਕਾਰਨ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਹੈ ਤੇ 2024 ਵਿਚ ਅਸੀਂ ਸੱਤਾ ਵਿਚ ਆਏ ਤਾਂ ਅਡਾਨੀ ਸਮੂਹ ਦੇ ਮਾਮਲਿਆਂ ਦੀ ਜਾਂਚ ਕਰਵਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਘਰ ਵਿਚ ਪੱਖਾ ਜਾਂ ਬਲਬ ਦਾ ਬਟਨ ਦੱਬਦੇ ਹੋ, ਤੁਹਾਡਾ ਪੈਸਾ ਸਿੱਧਾ ਅਡਾਨੀ ਦੀ ਜੇਬ ਵਿਚ ਚਲਾ ਜਾਂਦਾ ਹੈ। ਕਾਂਗਰਸੀ ਆਗੂ ਨੇ ਅਡਾਨੀ ਸਮੂਹ ’ਤੇ ਲੱਗੇ ਦੋਸ਼ਾਂ ਦੇ ਬਾਵਜੂਦ ਉਸ ਦੀ ਜਾਂਚ ਨਾ ਕਰਵਾਏ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਵੀ ਨਿਸ਼ਾਨਾ ਲਾਇਆ।

ਬੁੱਧਵਾਰ ਨੂੰ ਕਾਂਗਰਸ ਦੇ ਮੁੱਖ ਦਫਤਰ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਰਾਹੁਲ ਗਾਂਧੀ ਨੇ ਲੰਡਨ ਵਿਚ ਪ੍ਰਕਾਸ਼ਤ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਡਾਨੀ ਸਮੂਹ ਨੇ ਇੰਡੋਨੇਸ਼ੀਆ ਤੋਂ ਕੋਲਾ ਜਿਸ ਦਰ ’ਤੇ ਖ਼ਰੀਦਿਆ, ਭਾਰਤ ਆਉਂਦੇ ਹੀ ਉਸ ਦੀ ਕੀਮਤ ਦੁੱਗਣੀ ਹੋ ਗਈ। ਇਸ ਵਿਚ ਸਾਫ਼ ਤੌਰ ’ਤੇ ਓਵਰ ਇਨਵਾਇਸਿੰਗ ਕੀਤੀ ਗਈ ਤੇ ਇਸ ਦੀ ਵਸੂਲੀ ਲਈ ਬਿਜਲੀ ਦਰਾਂ ਮਹਿੰਗੀਆਂ ਹੋ ਗਈਆਂ। ਗ਼ਰੀਬ ਲੋਕਾਂ ਦੀ ਜੇਬ ਤੋਂ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦੀ ਲੁੱਟ ਕੀਤੀ ਜਾ ਚੁੱਕੀ ਹੈ। ਇਹ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਇਹ ਇੰਨੀ ਵੱਡੀ ਜਾਣਕਾਰੀ ਹੈ ਕਿ ਹੋਰ ਦੇਸ਼ਾਂ ਵਿਚ ਸਰਕਾਰਾਂ ਡਿੱਗ ਜਾਂਦੀਆਂ, ਪਰ ਭਾਰਤ ਵਿਚ ਇਸ ਦੀ ਸੁਧ ਨਹੀਂ ਲਈ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਅਡਾਨੀ ਸਮੂਹ ’ਤੇ ਪਹਿਲਾਂ 20 ਹਜ਼ਾਰ ਕਰੋੜ ਰੁਪਏ ਦਾ ਮਾਮਲਾ ਸੀ ਪਰ ਬਿਜਲੀ ਮਾਮਲੇ ਤੋਂ ਬਾਅਦ ਇਹ 32 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ ਹੈ।

ਅਡਾਨੀ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਖ਼ਾਰਜ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਕੋਲ ਬਦਲ ਕੀ ਹੈ, ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਯਕੀਨੀ ਤੌਰ ’ਤੇ ਜਦ ਅਸੀਂ ਸੱਤਾ ਵਿਚ ਆਵਾਂਗੇ ਤਾਂ ਇਸ ਦੀ ਜਾਂਚ ਕਰਵਾਵਾਂਗੇ। ਰਾਹੁਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਭਰੋਸੇਯੋਗਤਾ ਦਾ ਸਵਾਲ ਹੈ ਤੇ ਇਸ ਲਈ ਜਾਂਚ ਸ਼ੁਰੂ ਕਰ ਕੇ ਉਨ੍ਹਾਂ ਤੋਂ ਸਪੱਸ਼ਟੀਕਰਨ ਦੀ ਮੰਗ ਕਰ ਰਿਹਾ ਹਾਂ। ਰਾਹੁਲ ਨੇ ਅਡਾਨੀ ਸਮੂਹ ਦੀ ਜਾਂਚ ਦੌਰਾਨ ਦਸਤਾਵੇਜ਼ ਨਾ ਮਿਲਣ ਦੇ ਸੇਬੀ ਦੇ ਦਾਅਵੇ ਨੂੰ ਲੈ ਕੇ ਉਸ ਨੂੰ ਵੀ ਲੰਬੇ ਹੱਥੀਂ ਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਸੇਬੀ ਨੂੰ ਕੋਈ ਕਾਗਜ਼ ਨਹੀਂ ਮਿਲਿਆ, ਪਰ ਫਾਈਨੈਂਸ਼ੀਅਲ ਟਾਈਮਜ਼ ਸਾਰੇ ਦਸਤਾਵੇਜ਼ ਹਾਸਲ ਕਰਨ ਵਿਚ ਕਾਮਯਾਬ ਰਿਹਾ। ਇਸ ਤੋਂ ਸਾਫ਼ ਹੈ ਕਿ ਸਿਖਰ ’ਤੇ ਕੋਈ ਵਿਅਕਤੀ ਅਡਾਨੀ ਦਾ ਬਚਾਅ ਕਰ ਰਿਹਾ ਹੈ।

ਅਡਾਨੀ ਦੀ ਰੱਖਿਆ ਪਵਾਰ ਨਹੀਂ, ਮੋਦੀ ਕਰ ਰਹੇ ਹਨ

ਕਾਂਗਰਸ ਤੇ ਵਿਰੋਧੀ ਅਡਾਨੀ ਵਿਵਾਦ ’ਤੇ ਪੀਐੱਮ ਤੋਂ ਸਵਾਲ ਪੁੱਛ ਰਹੇ ਹਨ, ਪਰ ਸ਼ਰਦ ਪਵਾਰ ਇਸ ਵਿਚਾਲੇ ਕਈ ਵਾਰ ਅਡਾਨੀ ਨੂੰ ਮਿਲਦੇ ਹਨ, ਤਾਂ ਤੁਸੀਂ ਉਨ੍ਹਾਂ ਤੋਂ ਅਜਿਹੇ ਸਵਾਲ ਕਿਉਂ ਨਹੀਂ ਪੁੱਛ ਰਹੇ? ਇਸ ’ਤੇ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਨ। ਸ਼ਰਦ ਪਵਾਰ ਨਹੀਂ। ਅਡਾਨੀ ਦੀ ਰੱਖਿਆ ਪਵਾਰ ਨਹੀਂ ਮੋਦੀ ਕਰ ਰਹੇ ਹਨ ਤੇ ਇਸ ਲਈ ਮੈਂ ਇਹ ਸਵਾਲ ਮੋਦੀ ਤੋਂ ਪੁੱਛਦਾ ਹਾਂ। ਜੇ ਪਵਾਰ ਪ੍ਰਧਾਨ ਮੰਤਰੀ ਹੁੰਦੇ ਤਾਂ ਉਨ੍ਹਾਂ ਤੋਂ ਇਹ ਸਵਾਲ ਪੁੱਛ ਰਿਹਾ ਹੁੰਦਾ।