ਆਨਲਾਈਨ ਡੈਸਕ, ਨਵੀਂ ਦਿੱਲੀ : ਤਾਂ ਆਖਿਰਕਾਰ ਅੱਜ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਕਰੋੜਾਂ ਯੋਗ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਜਾਰੀ ਕਰਨਗੇ।

ਪੀਐੱਮ ਮੋਦੀ ਅੱਜ ਝਾਰਖੰਡ ਦਾ ਦੌਰਾ ਕਰਨਗੇ ਤੇ ਉਥੋਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜਣਗੇ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ। ਇਹ 6000 ਰੁਪਏ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ।

ਇਨ੍ਹਾਂ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਆਉਣਗੇ ਪੈਸੇ

ਤੁਹਾਨੂੰ ਦੱਸ ਦੇਈਏ ਕਿ 15ਵੀਂ ਕਿਸ਼ਤ ਉਨ੍ਹਾਂ ਕਿਸਾਨਾਂ ਨੂੰ ਨਹੀਂ ਭੇਜੀ ਜਾਵੇਗੀ ਜਿਨ੍ਹਾਂ ਦੇ ਖਾਤੇ ਵੱਖ-ਵੱਖ ਪੋਰਟਲ ਨਾਲ ਲਿੰਕ ਨਹੀਂ ਕੀਤੇ ਗਏ ਹਨ ਭੁੱਲੇਖ ਵੈਰੀਫਿਕੇਸ਼ਨ ਤੇ ਆਧਾਰ ਸੀਡਿੰਗ ਨਹੀਂ ਕਰਵਾਈ ਗਈ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਈਕੇਵਾਈਸੀ ਨਹੀਂ ਕਰਵਾਇਆ ਹੈ ਉਹ ਮੁੜ 15ਵੀਂ ਕਿਸ਼ਤ ਤੋਂ ਵਾਂਝੇ ਰਹਿ ਜਾਣਗੇ। ਜੇਕਰ ਤੁਸੀਂ ਅਜੇ ਤੱਕ eKYC ਨਹੀਂ ਕੀਤਾ ਹੈ ਤਾਂ ਇੱਥੇ ਦੱਸੀ ਗਈ ਪ੍ਰਕਿਰਿਆ ਦੀ ਪਾਲਣਾ ਕਰਕੇ ਤੁਰੰਤ ਆਪਣਾ eKYC ਪੂਰਾ ਕਰੋ:

eKYC ਕਰਵਾਉਣ ਲਈ ਸਭ ਤੋਂ ਪਹਿਲਾਂ PM ਕਿਸਾਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਇਸ ਤੋਂ ਬਾਅਦ ਤੁਹਾਨੂੰ ਸਕਰੀਨ ਦੇ ਖੱਬੇ ਪਾਸੇ ‘e-KYC’ ਦਾ ਵਿਕਲਪ ਦਿਖਾਈ ਦੇਵੇਗਾ। ਇਸ ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਐਂਟਰ ਕਰਕੇ ਬਾਕੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।

ਇੱਕ ਵਾਰ OTP ਵੈਰੀਫਾਈ ਹੋਣ ਤੋਂ ਬਾਅਦ ਤੁਹਾਡਾ eKYC ਪੂਰਾ ਹੋ ਜਾਵੇਗਾ।

ਕੀ ਹੈ ਪੀਐੱਮ ਕਿਸਾਨ ਯੋਜਨਾ?

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਇੱਕ ਕੇਂਦਰੀ ਯੋਜਨਾ ਹੈ। ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਦੀ ਰਕਮ ਸਿੱਧੇ ਟਰਾਂਸਫਰ ਕਰਦੀ ਹੈ। ਹਾਲਾਂਕਿ, ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ। ਇਹ 2000 ਰੁਪਏ ਹਰ ਚਾਰ ਮਹੀਨੇ ਬਾਅਦ ਭੇਜੇ ਜਾਂਦੇ ਹਨ।

ਕੇਂਦਰ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਭਾਰਤ ਸਰਕਾਰ ਨੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 2.60 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ।