ਪੀਟੀਆਈ, ਨਵੀਂ ਦਿੱਲੀ: ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿਚ ਇੱਕ ਨਵਾਂ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਐੱਫਆਈਆਰ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਆਪਣੀ ਜੁੱਤੀ ਦਾ ਹੇਠਲਾ ਹਿੱਸਾ ਕੱਟ ਕੇ ਉਸ ਵਿੱਚ ਰੰਗ ਦਾ ਕੈਨ ਲੁਕਾ ਕੇ ਸੰਸਦ ਦੇ ਅੰਦਰ ਲੈ ਗਿਆ ਸੀ। ਦਿੱਲੀ ਪੁਲਿਸ ਦੀ ਐੱਫਆਈਆਰ ਅਨੁਸਾਰ ਲੋਕ ਸਭਾ ਦੇ ਚੈਂਬਰ ਵਿੱਚ ਧੂੰਏਂ ਦਾ ਕੈਨ ਖੋਲ੍ਹਣ ਵਾਲੇ ਦੋ ਵਿਅਕਤੀਆਂ ਨੇ ਜੁੱਤੀ ਦੇ ਹੇਠਲੇ ਹਿੱਸੇ ਦੀਆਂ ਮੋਟੀਆਂ ਪਰਤਾਂ ਨੂੰ ਕੱਟ ਕੇ ਕੈਨ ਲਈ ਲੁਕਣ ਦੀ ਜਗ੍ਹਾ ਬਣਾਈ ਸੀ ਅਤੇ ਇਸ ਨੂੰ ਉੱਥੇ ਲੁਕਾ ਕੇ ਰੱਖਿਆ ਸੀ।

13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ‘ਚ ਹੋਈ ਸੀ ਕੁਤਾਹੀ

ਦੱਸ ਦੇਈਏ ਕਿ 13 ਦਸੰਬਰ ਨੂੰ ਸੰਸਦ ‘ਤੇ ਹਮਲੇ ਦੀ ਬਰਸੀ ਮੌਕੇ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਨੇ ਲੋਕ ਸਭਾ ‘ਚ ਕਲਰ ਕੈਨ ਖੋਲ੍ਹ ਕੇ ਪੀਲੀ ਗੈਸ ਛੱਡੀ ਸੀ। ਇਸ ਦੇ ਨਾਲ ਹੀ ਅਮੋਲ ਅਤੇ ਨੀਲਮ ਨੇ ਸੰਸਦ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਕੈਨ ਤੋਂ ਰੰਗਦਾਰ ਗੈਸ ਦਾ ਛਿੜਕਾਅ ਵੀ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਹੈ।

ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਇੱਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਜੁੱਤੀਆਂ ਦੇ ਤਲ ਕੱਟੇ ਹੋਏ ਸਨ ਅਤੇ ਇੱਕ ਡੱਬਾ ਅੰਦਰ ਰੱਖਿਆ ਹੋਇਆ ਸੀ। ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।