ਬੈਂਗਲੁਰੂ (ਪੀਟੀਆਈ) : ਜ਼ਖ਼ਮੀ ਖਿਡਾਰੀਆਂ ਦੀ ਸਮੱਸਿਆ ਨਾਲ ਜੂੜ ਰਿਹਾ ਨਿਊਜ਼ੀਲੈਂਡ ਸ਼ਨਿਚਰਵਾਰ ਨੂੰ ਵਿਸ਼ਵ ਕੱਪ ਦੇ ਆਪਣੇ ਮਹੱਤਵਪੂਰਨ ਮੈਚ ਵਿਚ ਪਾਕਿਸਤਾਨ ਨਾਲ ਭਿੜੇਗਾ ਜਿਸ ਵਿਚ ਦੋਵੇਂ ਟੀਮਾਂ ਸੈਮੀਫਾਈਨਲ ਵਿਚ ਪਹੁੰਚਣ ਦੀ ਕੋਸ਼ਿਸ਼ ਦੇ ਤਹਿਤ ਜਿੱਤ ਹਾਸਲ ਕਰਨ ਲਈ ਬੇਤਾਬ ਹੋਣਗੀਆਂ। ਮੈਦਾਨ ਦੀ ਨਿਰਾਸ਼ਾ ਤੋਂ ਇਲਾਵਾ ਨਿਊਜ਼ੀਲੈਂਡ ਨੂੰ ਆਪਣੇ ਜ਼ਖਮੀ ਖਿਡਾਰੀਆਂ ਦੀ ਸਮੱਸਿਆ ਨਾਲ ਵੀ ਜੂਝਣਾ ਹੋਵੇਗਾ ਕਿਉਂਕਿ ਤੇਜ਼ ਗੇਂਦਬਾਜ਼ ਹੈਨਰੀ ਦੱਖਣੀ ਅਫਰੀਕਾ ਦੇ ਵਿਰੁੱਧ ਜ਼ਖਮੀ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਪਰ ਟੀਮ ਇਸ ਗੱਲ ਨਾਲ ਥੋੜ੍ਹੀ ਰਾਹਤ ਲਵੇਗੀ ਕਿ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ ਪਾਕਿਸਤਾਨ ਦੇ ਵਿਰੁੱਧ ਖੇਡਣ ਲਈ ਸੱਟ ਤੋਂ ਉਭਰ ਗਏ ਹਨ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਪਾਕਿਸਤਾਨ ਦੇ ਵਿਰੁੱਧ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ ਉਨ੍ਹਾਂ ਨੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਨੂੰ ਕ੍ਰਮਵਾਰ 388 ਤੇ 357 ਦੌੜਾਂ ਦਾ ਸਕੋਰ ਬਣਾਉਣ ਦਿੱਤਾ ਸੀ। ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਇਹ ਹਾਲਾਂਕਿ ਉਸ ਦੇ ਲਈ ਆਸਾਨ ਕੰਮ ਨਹੀਂ ਹੋਵੇਗਾ ਜੋ ਛੋਟੀ ਤੇ ਤੇਜ਼ ਆਊਟਫੀਲਡ ਦੇ ਕਾਰਨ ਗੇਂਦਬਾਜ਼ਾਂ ਲਈ ਔਖਾ ਮੈਦਾਨ ਹੈ। ਦੂਜੀ ਪਾਸੇ ਪਾਕਿਸਤਾਨ ਭਾਵੇਂ ਹੀ ਮਾਮੂਲੀ ਫਰਕ ਨਾਲ ਹੀ ਮੁੱਖ ਦਾਅਵੇਦਾਰ ਦਿੱਖ ਰਿਹਾ ਹੋਵੇ ਪਰ ਲਗਾਤਾਰ ਚਾਰ ਹਾਰ ਤੋਂ ਬਾਅਦ ਬੰਗਲਦੇਸ਼ ਦੇ ਵਿਰੁੱਧ ਜਿੱਤ ਵੀ ਉਸ ਦੀ ਕਮਜ਼ੋਰੀਆਂ ਨੂੰ ਖਤਮ ਕਰਨ ਲੀ ਨਾਕਾਫੀ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਫਾਰਮ ਵੀ ਚੰਗੀ ਨਹੀਂ ਚੱਲ ਰਹੀ ਤੇ ਉਹ ਹੁਣ ਤੱਕ ਸੈਂਕੜਾ ਨਹੀਂ ਲਾ ਪਾਇਆ ਹੈ।
ਆਰਥਰ ਬੋਲੇ, ਭਾਰੀ ਸੁਰੱਖਿਆ ਕਾਰਨ ਪਾਕਿਸਤਾਨ ਦੇ ਖਿਡਾਰੀਆਂ ਨੂੰ ਹੋ ਰਹੀ ਪਰੇਸ਼ਾਨੀ
ਪਾਕਿਸਤਾਨ ਕ੍ਰਿਕਟ ਟੀਮ ਦੇ ਨਿਰਦੇਸ਼ਕ ਮਿੱਕੀ ਆਰਥਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਵਿਸ਼ਵ ਕੱਪ ਵਿਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਖਿਡਾਰੀਆਂ ਦੇ ਆਸਪਾਸ ਸਖਤ ਸੁਰੱਖਿਆ ਵਿਵਸਥਾ ਹੈ ਵੀ ਇਕ ਵੱਡੀ ਵਜ੍ਹਾ ਹੈ ਕਿਉਂਕਿ ਇਸ ਨਾਲ ਉਹ ਹੋਟਲ ਦੇ ਕਮਰਿਆਂ ਤੱਕ ਹੀ ਸੀਮਿਤ ਰਹਿ ਗਏ ਹਨ। ਆਰਥਰ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਮੁਸ਼ਕਿਲ ਸਥਿਤੀ ਇਹ ਹੈ ਕਿ ਅਸੀਂ ਸਖਤ ਸੁਰੱਖਿਆ ਨਾਲ ਘਿਰੇ ਹੋਏ ਹਾਂ ਤੇ ਸੱਚ ਕਹਾਂ ਤਾਂ ਮੈਨੂੰ ਇਹ ਮੁਸ਼ਕਿਲ ਲੱਗਾ। ਇਹ ਲਗਪਗ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਫਿਰ ਤੋਂ ਕੋਵਿਡ ਕਾਲ ਵਿਚ ਆ ਗਏ ਹਨ। ਤੁਸੀਂ ਇੱਥੇ ਹੋਟਲ ਵਿਚ ਆਪਣੀ ਮੰਜ਼ਿਲ ਤੇ ਆਪਣੀ ਟੀਮ ਦੇ ਕਮਰੇ ਤੱਕ ਹੀ ਸੀਮਤ ਰਹਿੰਦੇ ਹੋ। ਸੁਰੱਖਿਆ ਇੰਨੀ ਸਖਤ ਹੈ ਕਿ ਸਾਡਾ ਨਾਸ਼ਤਾ ਵੀ ਦੂਜਿਆਂ ਤੋਂ ਵੱਖਰੇ ਕਮਰਿਆਂ ਵਿਚ ਹੁੰਦਾ ਹੈ। ਸਾਡੇ ਖਿਡਾਰੀਆਂ ਨੂੰ ਸੁਤੰਤਰ ਹੋ ਕੇ ਰਹਿਣ ਦੀ ਆਦਤ ਹੈ। ਇਸ ਦੌਰੇ ’ਤੇ ਉਹ ਆਪਣੀ ਮਰਜ਼ੀ ਨਾਲ ਬਾਹਰ ਨਿਕਲਣ ਤੇ ਵੱਖ ਵੱਖ ਥਾਵਾਂ ’ਤੇ ਜਾਣ ਲਈ ਸਮਰੱਥ ਨਹੀਂ ਰਹੇ ਹਨ।


