ਸਟੇਟ ਬਿਊਰੋ, ਰਾਂਚੀ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ISIS) ਨਾਲ ਸਬੰਧਤ ਪਾਬੰਦੀਸ਼ੁਦਾ ਬਲਾਰੀ ਮਾਡਿਊਲ ਵਿਰੁੱਧ ਦੇਸ਼ ਦੇ ਚਾਰ ਰਾਜਾਂ ਦੇ 19 ਟਿਕਾਣਿਆਂ ‘ਤੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਛਾਪੇਮਾਰੀ ਕੀਤੀ।

ਇਸ ਛਾਪੇਮਾਰੀ ‘ਚ ਬਲਾਰੀ ਮਾਡਿਊਲ ਦੇ ਨੇਤਾ ਮਿਨਾਜ ਸਮੇਤ ਅੱਠ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।

ਇਹ ਅੱਤਵਾਦੀ ਟੋਲਾ ਦਹਿਸ਼ਤ ਫੈਲਾਉਣ ਲਈ ਆਈਈਡੀ ਧਮਾਕੇ ਕਰਨ ਆਦਿ ਵਿੱਚ ਸਰਗਰਮ ਰਿਹਾ ਹੈ। ਐੱਨਆਈਏ ਨੇ ਜਿੱਥੇ ਛਾਪੇਮਾਰੀ ਕੀਤੀ ਹੈ, ਉਸ ‘ਚ ਕਰਨਾਟਕ ਦੇ ਬਲਾਰੀ ਤੇ ਬੈਂਗਲੁਰੂ, ਮਹਾਰਾਸ਼ਟਰ ਦੇ ਅਮਰਾਵਤੀ, ਮੁੰਬਈ ਤੇ ਪੂਣੇ, ਝਾਰਖੰਡ ਦੇ ਬੋਕਾਰੋ ਤੇ ਜਮਸ਼ੇਦਪੁਰ ਅਤੇ ਦਿੱਲੀ ਸਥਿਤੀ ਟਿਕਾਣੇ ਸ਼ਾਮਲ ਹਨ।

ਇਸ ਛਾਪੇਮਾਰੀ ‘ਚ ਜੋ ਅੱਠ ਮੁਲਜ਼ਮ ਗ੍ਰਿਫਤਾਰ ਹੋਏ ਹਨ, ਉਹ ਆਈਐੱਸਆਈਐੱਸ ਅੱਤਵਾਦੀ ਸੰਗਠਨ ਦੀ ਹਮਾਇਤ ‘ਚ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਸਨ। ਉਨ੍ਹਾਂ ਦੀ ਅਗਵਾਈ ਮਿਨਾਜ ਉਰਫ਼ ਸੁਲੇਮਾਨ ਕਰ ਰਿਹਾ ਸੀ। ਇਸ ਛਾਪੇਮਾਰੀ ਵਿੱਚ ਐੱਨਆਈਏ ਨੂੰ ਧਮਾਕਾਖੇਜ਼ ਸਮੱਗਰੀ, ਜਿਨ੍ਹਾਂ ‘ਚ ਸਲਫਰ, ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ, ਗੰਨ ਪਾਊਡਰ, ਸ਼ੂਗਰ ਤੇ ਈਥੋਨਲ, ਤੇਜ਼ ਧਾਰਦਾਰ ਹਥਿਆਰ, ਅਣਗਿਣਤ ਨਕਦੀ, ਇਤਰਾਜ਼ਯੋਗ ਦਸਤਾਵੇਜ਼, ਸਮਾਰਟਫੋਨ ਤੇ ਹੋਰ ਡਿਜੀਟਲ ਯੰਤਰ ਮਿਲੇ ਹਨ।

ਇਹ ਹੋਏ ਹਨ ਗ੍ਰਿਫ਼ਤਾਰ

ਐੱਨਆਈਏ ਨੇ ਬਲਾਰੀ ਤੋਂ ਮਿਨਾਜ ਉਰਫ਼ ਸੁਲੇਮਾਨ ਤੇ ਸਈਅਦ ਸਮੀਰ, ਮੁੰਬਈ ਤੋਂ ਅਨਸ ਇਕਬਾਲ ਸ਼ੇਖ, ਬੈਂਗਲੁਰੂ ਤੋਂ ਮੁਨੀਰੂਦੀਨ, ਸਈਅਦ ਸਮਿਉਲਾਹ ਉਰਫ਼ ਸਮੀ, ਮੁਜਮਿਲ, ਦਿੱਲੀ ਤੋਂ ਸ਼ਿਅਨ ਰਹਿਮਾਨ ਉਰਫ਼ ਹੁਸੈਨ ਅਤੇ ਜਮਸ਼ੇਦਪੁਰ ਤੋਂ ਸ਼ਹਿਬਾਜ਼ ਉਰਫ਼ ਜੁਲਫ਼ਕਾਰ ਉਰਫ਼ ਗੁੱਡੂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਾਲਜ ਦੇ ਵਿਦਿਆਰਥੀਆਂ ਨੂੰ ਜੋੜ ਲਈ ਮੁਜ਼ਾਹਿਦੀਨ ਨਾਲ ਜੁੜੇ ਦਸਤਾਵੇਜ਼ ਕਰਦੇ ਸਨ ਵਾਇਰਲ

ਐੱਨਆਈਏ ਨੂੰ ਜਾਣਕਾਰੀ ਹੈ ਕਿ ਮੁਲਜ਼ਮ ਧਮਾਕਾਖੇਜ਼ ਸਮੱਗਰੀ ਨਾਲ ਆਈਈਡੀ ਬਣਾਉਣ ਵਾਲੇ ਸਨ, ਜਿਸ ਨਾਲ ਉਹ ਅੱਤਵਾਦੀ ਗਤੀਵਿਧੀਆਂ ਨੂੰ ਚਲਾਉਂਦੇ ਸਨ। ਉਹ ਇੱਕ-ਦੂਜੇ ਨਾਲ ਇਨਕ੍ਰੇਪਟਿਡ ਐਪ ਰਾਹੀਂ ਜੁੜੇ ਸਨ।

ਉਹ ਹਿੰਸਾ, ਜੇਹਾਦ, ਖਿਲਾਫ਼ਤ ਤੇ ਆਈਐੱਸਆਈਐੱਸ ਦੀਆਂ ਅੱਤਵਾਦੀ ਗਤੀਵਿਧੀਆਂ ਇਸੇ ਐਪ ਰਾਹੀਂ ਇਕ-ਦੂਜੇ ਨਾਲ ਸ਼ੇਅਰ ਕਰਦੇ ਸਨ। ਉਨ੍ਹਾਂ ਦੇ ਨਿਸ਼ਾਨੇ ‘ਤੇ ਕਾਲਜਾਂ ਦੇ ਵਿਦਿਆਰਥੀ ਸਨ, ਜਿਨ੍ਹਾਂ ਨੂੰ ਉਹ ਆਪਣੇ ਧੜੇ ਨਾਲ ਜੋੜਨ ਲਈ ਯਤਨਸ਼ੀਲ ਸਨ। ਉਹ ਵਿਦਿਆਰਥੀਆਂ ਵਿਚਕਾਰ ਜੇਹਾਦ ਦੇ ਉਦੇਸ਼ ਨਾਲ ਮੁਜ਼ਾਹਿਦੀਨ ਨਾਲ ਜੁੜੇ ਦਸਤਾਵੇਜ਼ ਵੀ ਪ੍ਰਸਾਰਿਤ ਕਰਦੇ ਸਨ।

ਆਈਐਸਆਈਐਸ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਛਾਪੇਮਾਰੀ

NIA ਨੇ ਸੋਮਵਾਰ ਨੂੰ ਇਹ ਛਾਪੇਮਾਰੀ ਦੇਸ਼ ਵਿੱਚ ਆਈਐਸਆਈਐਸ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਕੀਤੀ। ਇਸ ਛਾਪੇਮਾਰੀ ਵਿੱਚ ਐਨਆਈਏ ਨੇ ਕਰਨਾਟਕ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਪੁਲੀਸ ਦਾ ਸਹਿਯੋਗ ਲਿਆ। NIA ਨੇ 14 ਦਸੰਬਰ ਨੂੰ ISIS ਪ੍ਰਭਾਵਿਤ ਬਲਾਰੀ ਮਾਡਿਊਲ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਇਸ ‘ਚ NIA ਨੇ ਸੂਬਾ ਪੁਲਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਲੈ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਹਾਲ ਹੀ ਦੇ ਮਹੀਨਿਆਂ ਵਿੱਚ ਐਨਆਈਏ ਨੇ ਆਈਐਸਆਈਐਸ ਦੇ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਹੈ ਅਤੇ ਇਸਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।