ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਅਜੋਕੇ ਸਮੇਂ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਕਿਸਾਨ ਆਪਣੀਆਂ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਜਿੱਥੇ ਮਜਬੂਰੀ ਵੱਸ ਮਹਿੰਗੀਆਂ ਕੀਟ ਨਾਸ਼ਕ ਦਵਾਈਆਂ ਖ਼ਰੀਦ ਕੇ ਿਛੜਕਾਅ ਕਰਦਾ ਹੈ ਉੱਥੇ ਉਹ ਦਿਨ ਰਾਤ ਸਖਤ ਮਿਹਨਤ ਕਰ ਕੇ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਕੇ ਵੱਡੀ ਕਰਦਾ ਹੈ। ਪਰ ਜੇਕਰ ਉਸਦੀ ਅਜੇ ਜਵਾਨ ਹੋ ਰਹੀ ਫਸਲ ਸਮੇਂ ਤੋਂ ਪਹਿਲਾਂ ਹੀ ਬਰਬਾਦ ਹੋ ਜਾਵੇ ਤਾਂ ਕਿਸਾਨ ਕਿੱਧਰ ਨੂੰ ਜਾਵੇ। ਅਜਿਹੀ ਹੀ ਇੱਕ ਅਣਕਿਆਸੀ ਘਟਨਾ ਪਿੰਡ ਕੈਲਪੁਰ ਦੇ ਕਿਸਾਨ ਲਖਬੀਰ ਸਿੰਘ ਨਾਲ ਵਾਪਰੀ ਹੈ, ਜਿਸਦੀ ਇੱਕ ਏਕੜ ਵਿੱਚ ਜਵਾਨ ਹੋ ਰਹੀ ਸਰੋਂ ਦੀ ਫਸਲ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਫਸਲ ਮਾਰੂ ਦਵਾਈ ਿਛੜਕ ਦੇਣ ਕਾਰਨ ਉਸਦੀਆਂ ਸਧਰਾਂ ‘ਤੇ ਪਾਣੀ ਫਿਰ ਗਿਆ।

ਪੀੜਤ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਕੁੱਝ ਏਕੜ ਜ਼ਮੀਨ ਮਾਮਲੇ ‘ਤੇ ਲੈਕੇ ਖੇਤੀ ਕਰਦਾ ਆ ਰਿਹਾ ਹੈ, ਜਿਸ ਵਿੱਚੋਂ ਉਸਨੇ 3-4 ਏੇਕੜ ਵਿਚ ਸਰ੍ਹੋਂ ਦੀ ਫਸਲ ਬੀਜੀ ਸੀ, ਕੁੱਝ ਦਿਨ ਪਹਿਲਾਂ ਉਸਦੀ ਇੱਕ ਏਕੜ ਫਸਲ ‘ਚ ਕੋਈ ਅਣਪਛਾਤਾ ਸ਼ਰਾਰਤੀ ਅਨਸਰ ਉਸ ‘ਤੇ ਫਸਲ ਮਾਰੂ ਦਵਾਈ ਿਛੜਕ ਗਿਆ ਅਤੇ ਹੌਲੀ– ਹੌਲੀ ਉਸਦੀ ਫਸਲ ਬਿਲਕੁੱਲ ਬਰਬਾਦ ਹੋ ਗਈ। ਜਿਸ ਕਾਰਨ ਉਸਦਾ ਕਰੀਬ 60 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਕਿਸਾਨ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਸਤਨਾਮ ਬੜੈਚ, ਸਰਪੰਚ ਤੇਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਬੜੈਚ ਨੇ ਪੁਲਿਸ ਪ੍ਰਸ਼ਾਸਨ ਤੋਂ ਜਿੱਥੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਉੱਥੇ ਸੂਬਾ ਸਰਕਾਰ ਤੋਂ ਕਿਸਾਨ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਪਰਮਿੰਦਰ ਸਿੰਘ, ਰਾਜਾ ਕੈਲਪੁਰ ਅਤੇ ਕਾਲਾ ਕੈਲਪੁਰ ਆਦਿ ਹਾਜ਼ਰ ਸਨ।