ਡਿਜੀਟਲ ਡੈਸਕ, ਲਖਨਊ : ਇੰਟਰਨੈੱਟ ‘ਤੇ ਹਰ ਦਿਨ ਅਣਗਿਣਤ ਜਾਣਕਾਰੀਆਂ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ‘ਚੋਂ ਕੁਝ ਸੱਚੀਆਂ ਹੁੰਦੀਆਂ, ਤਾਂ ਕੁਝ ਝੂਠੀਆਂ। ਜੇਕਰ ਚੌਕਸ ਨਾ ਰਿਹਾ ਜਾਵੇ ਤਾਂ ਫ਼ਰਜ਼ੀ ਅਤੇ ਭਰਮਾਊ ਮੈਸੇਜ ਵੱਡਾ ਨੁਕਸਾਨ ਕਰ ਸਕਦੇ ਹਨ। ਵਿਸ਼ਵਾਸ ਨਿਊਜ਼ ਦੇ ਮੀਡੀਆ ਸਾਖ਼ਰਤਾ ਅਭਿਆਨ ‘ਸੱਚ ਕੇ ਸਾਥੀ-ਸੀਨੀਅਰਜ਼’ ‘ਚ ਇਨ੍ਹਾਂ ਪਹਿਲੂਆਂ ‘ਤੇ ਚਾਨਣਾ ਪਾਉਂਦੇ ਹੋਏ ਸੀਨੀਅਰ ਨਾਗਰਿਕਾਂ ਨੂੰ ਇਨ੍ਹਾਂ ਨੂੰ ਪਛਾਣਨ ਅਤੇ ਤੱਥਾਂ ਦੀ ਜਾਂਚ ਦੇ ਤਰੀਕੇ ਦੱਸੇ ਗਏ।

ਰਾਜਧਾਨੀ ਲਖਨਊ ਦੇ ਪਾਇਨੀਅਰ ਮੋਂਟੇਸਰੀ ਸਕੂਲ ‘ਚ ਸੋਮਵਾਰ ਨੂੰ ਇਕ ਖ਼ਾਸ ਪ੍ਰੋਗਰਾਮ ਕੀਤਾ ਗਿਆ। ਇਹ ਪ੍ਰੋਗਰਾਮ ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵਿੰਗ ਵਿਸ਼ਵਾਸ ਨਿਊਜ਼ ਵੱਲੋਂ ਕਰਵਾਇਆ ਗਿਆ।

ਸੈਮੀਨਾਰ ਵਿੱਚ ਜਾਗਰਣ ਨਿਊ ਮੀਡੀਆ ਦੇ ਕਾਰਜਕਾਰੀ ਐਡੀਟਰ ਅਨਿਲ ਪਾਂਡੇ ਨੇ ਵਿਸ਼ਵਾਸ ਨਿਊਜ਼ ਦੇ ‘ਸੱਚ ਕੇ ਸਾਥੀ ਸੀਨੀਅਰਜ਼’ ਅਭਿਆਨ ਬਾਰੇ ਵਿਸਥਾਰ ਨਾਲ ਦੱਸਿਆ। ਅਨਿਲ ਪਾਂਡੇ ਤੋਂ ਇਲਾਵਾ ਡਿਪਟੀ ਐਡੀਟਰ ਤੇ ਫੈਕਟ ਚੈਕਰ ਦੇਵਿਕਾ ਮਹਿਤਾ ਨੇ ਸੀਨੀਅਰ ਨਾਗਰਿਕਾਂ ਨੂੰ ਝੂਠੀਆਂ ਖ਼ਬਰਾਂ ਦੀ ਪਛਾਣ ਦੇ ਤਰੀਕਿਆਂ ਅਤੇ ਬੁਨਿਆਦੀ ਫੈਕਟ ਟੂਲਜ਼ ਬਾਰੇ ਜਾਣਕਾਰੀ ਦਿੱਤੀ।

ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦੇ ਰੂਬਰੂ ਹੁੰਦੇ ਹੋਏ ਅਨਿਲ ਪਾਂਡੇ ਨੇ ਕਿਹਾ ਕਿ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੇ ਸੋਮੇ ਨੂੰ ਚੈੱਕ ਕਰੋ, ਕਿਉਂਕਿ ਹਰ ਜਾਣਕਾਰੀ ਸੱਚੀ ਨਹੀਂ ਹੁੰਦੀ। ਅਜਿਹਾ ਕਰਨ ਨਾਲ ਉਹ ਫ਼ਰਜ਼ੀ ਅਤੇ ਭਰਮਾਊ ਸੂਚਨਾਵਾਂ ਨੂੰ ਫੈਲਣ ਤੋਂ ਰੋਕਣ ‘ਚ ਸੱਚ ਦੇ ਸਾਥੀ ਬਣ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਡਿਜੀਟਲ ਸੁਰੱਖਿਆ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸਾਰੇ ਖਾਤਿਆਂ ਦੇ ਪਾਸਵਰਡ ਵੱਖ-ਵੱਖ ਰੱਖੋ ਅਤੇ ਉਨ੍ਹਾਂ ਨੂੰ ਔਖੇ ਬਣਾਓ। ਆਪਣੇ ਪਰਿਵਾਰਕ ਮੈਂਬਰ ਦਾ ਨਾਂ ਜਾਂ ਜਨਮ ਤਰੀਕ ਵਰਗੇ ਆਸਾਨ ਪਾਸਵਰਡ ਦੀ ਵਰਤੋਂ ਤੋਂ ਬਚੋ।

ਉੱਥੇ, ਦੇਵਿਕਾ ਮਹਿਤਾ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਕਈ ਫ਼ਾਇਦੇ ਹਨ, ਉੱਥੇ ਕੁਝ ਲੋਕ ਇਸ ਦੀ ਦੁਰਵਰਤੋਂ ਵੀ ਕਰ ਰਹੇ ਹਨ। ਹਾਲ ਹੀ ਵਿੱਚ ਡੀਪਫੇਕ ਵੀਡੀਓ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਲੋਕਾਂ ਨੂੰ ਡੀਪਫੇਕ ਨੂੰ ਪਛਾਣਨ ਦੇ ਤਰੀਕੇ ਦੱਸੇ।

ਉਨ੍ਹਾਂ ਨੇ ਉਦਾਹਰਨ ਦੇ ਕੇ ਦੱਸਿਆ ਕਿ ਡੀਪਫੇਕ ਵੀਡੀਓ ਜਾਂ ਏਆਈ ਨਾਲ ਬਣਾਈਆਂ ਤਸਵੀਰਾਂ ‘ਚ ਕਈ ਕਮੀਆਂ ਹੁੰਦੀਆਂ ਹਨ। ਜਿਵੇਂ-ਉਨ੍ਹਾਂ ਦੀਆਂ ਅੱਖਾਂ ਦੀ ਮੂਵਮੈਂਟ ਸੁਭਾਵਿਕ ਨਹੀਂ ਹੁੰਦੀ ਜਾਂ ਉਨ੍ਹਾਂ ਦੇ ਰੰਗਾਂ ‘ਚ ਕਾਫ਼ੀ ਫਰਕ ਹੁੰਦਾ ਹੈ। ਚਿਹਰੇ ਦੇ ਹਾਵਭਾਵ ਬਨਾਉਟੀ ਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਫੈਕਟ ਚੈਕਿੰਗ ਟੂਲਜ਼ ਬਾਰੇ ਵੀ ਜਾਣਕਾਰੀ ਦਿੱਤੀ।

ਕਾਰਡਾਂ ਨਾਲ ਸਮਝਾਇਆ ਫ਼ਰਜ਼ੀ ਸੂਚਨਾਵਾਂ ਦਾ ਮਨੋ-ਵਿਗਿਆਨ

ਪ੍ਰੋਗਰਾਮ ‘ਚ ਫੇਕ ਵਰਸਿਜ ਫੈਕਟ ਕਾਰਡਜ਼ ਦੇ ਜ਼ਰੀਏ ਖੇਡ-ਖੇਡ ਵਿੱਚ ਸੀਨੀਅਰ ਨਾਗਰਿਕਾਂ ਨੂੰ ਗਲਤ ਅਤੇ ਸਹੀ ਸੂਚਨਾਵਾਂ ਵਿਚਾਲੇ ਫਰਕ ਪਤਾ ਕਰਨ ਦੇ ਤਰੀਕੇ ਸਮਝਾਏ ਗਏ। ਹਰ ਕਾਰਡ ਦੇ ਅੰਕ ਸਨ ਅਤੇ ਜਿਸ ਦਾ ਅੰਕ ਸਭ ਤੋਂ ਵੱਧ ਹੁੰਦਾ, ਉਹ ਜੇਤੂ ਹੁੰਦਾ। ਪਰ ਇਸ ਤਰ੍ਹਾਂ ਕਾਰਡ ਨੂੰ ਬਿਨਾਂ ਪੜ੍ਹੇ ਅਣਜਾਣੇ ‘ਚ ਝੂਠੀ ਖ਼ਬਰ ਵੀ ਇਨ੍ਹਾਂ ਲੋਕਾਂ ਨੇ ਗੇਮ ਵਿੱਚ ਫੈਲਾਈ। ਇਸ ਲਈ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ।

ਡੀਪਫੇਕ ਨੂੰ ਇੰਜ ਪਛਾਣੋ

ਦੇਵਿਕਾ ਨੇ ਡੀਪਫੇਕ ਵੀਡੀਓ ਅਤੇ ਇਮੇਜ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹ, ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ ਅਜਿਹੇ ਵੀਡੀਓ ਜਾਂ ਤਸਵੀਰਾਂ ਨੁੰ ਤਿਆਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਪਛਾਣਨਾ ਸੌਖਾ ਨਹੀਂ। ਜੇਕਰ ਇਨ੍ਹਾਂ ਦੀਆਂ ਬਾਰੀਕੀਆਂ ‘ਤੇ ਧਿਆਨ ਦਿੱਤਾ ਜਾਵੇ ਤਾਂ ਕੁਝ ਨਾ ਕੁਝ ਗਲਤੀਆਂ ਦਿਸ ਜਾਂਦੀਆਂ ਹਨ। ਇਸ ਤੋਂ ਇਲਾਵਾ ਆਨਲਾਈਨ ਟੂਲ ਰਾਹੀਂ ਵੀ ਇਸ ਨੂੰ ਫੜਿਆ ਜਾ ਸਕਦਾ ਹੈ।

ਦੂਜੇ ਸ਼ਹਿਰਾਂ ਅਤੇ ਰਾਜਾਂ ਵਿੱਚ ਵੀ ਹੋ ਚੁੱਕਿਆ ਇਹ ਪ੍ਰੋਗਰਾਮ

ਲਖਨਊ ਤੋਂ ਪਹਿਲਾਂ ਕਾਨਪੁਰ, ਵਾਰਾਣਸੀ, ਪ੍ਰਯਾਗਰਾਜ ਅਤੇ ਗੋਰਖਪੁਰ ‘ਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੇਰਠ, ਗਾਜ਼ੀਆਬਾਦ, ਮਥੁਰਾ ਵਿੱਚ ਵੈਬੀਨਾਰ ਰਾਹੀਂ ਲੋਕਾਂ ਨਾਲ ਜੁੜ ਕੇ ਸਿਖਲਾਈ ਦਿੱਤੀ ਗਈ। ਯੂਪੀ ਤੋਂ ਇਲਾਵਾ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਲੋਕਾਂ ਲਈ ਵੀ ਸੈਮੀਨਾਰ ਅਤੇ ਵੈਬੀਨਾਰ ਕਰਵਾਏ ਜਾ ਚੁੱਕੇ ਹਨ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀਆਂ ਫ਼ਰਜ਼ੀ ਅਤੇ ਭਰਮਾਊ ਸੂਚਨਾਵਾਂ ਦੇ ਮੁੱਦੇ ਨੂੰ ਉਠਾਉਣ ਵਾਲਾ ਮੀਡੀਆ ਸਾਖ਼ਰਤਾ ਅਭਿਆਨ ਹੈ। ਪ੍ਰੋਗਰਾਮ ਦਾ ਉਦੇਸ਼ 15 ਰਾਜਾਂ ਦੇ 50 ਸ਼ਹਿਰਾਂ ਵਿੱਚ ਸੈਮੀਨਾਰ ਅਤੇ ਵੈਬੀਨਾਰ ਦੀ ਲੜੀ ਰਾਹੀਂ ਸਰੋਤਾਂ ਦਾ ਵਿਸ਼ਲੇਸ਼ਣ ਕਰਨ, ਭਰੋਸੇਮੰਦ ਅਤੇ ਗ਼ੈਰ-ਭਰੋਸੇਮੰਦ ਜਾਣਕਾਰੀ ਵਿਚਾਲੇ ਫ਼ਰਕ ਕਰਦੇ ਹੋਏ ਸੀਨੀਅਰ ਨਾਗਰਿਕਾਂ ਨੂੰ ਸਹੀ ਫ਼ੈਸਲੇ ਲੈਣ ਵਿੱਚ ਮਦਦ ਕਰਨਾ ਹੈ। ਗੂਗਲ ਨਿਊਜ਼ ਇਨੀਸ਼ੀਏਟਿਵ ਦੀ ਸਹਾਇਤਾ ਨਾਲ ਚੱਲ ਰਹੇ ਇਸ ਪ੍ਰੋਗਰਾਮ ਦਾ ਅਕਾਦਮਿਕ ਹਿੱਸੇਦਾਰ ਮਾਈਕਾ (ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਨਜ਼, ਅਹਿਮਦਾਬਾਦ) ਹੈ।