-ਹਰਕੋਮਲ ਬਰਿਆਰ ਦੀ ਪੁਸਤਕ ‘ਬੱਲੇ ਬਾਬਾ ਤੇਰੇ’ ਹੋਈ ਲੋਕ ਅਰਪਿਤ।

————–

ਸੁਖਦੇਵ ਗਰਗ, ਜਗਰਾਓਂ : ਸਾਹਿਤ ਸਭਾ ਜਗਰਾਓਂ ਦੀ ਐਤਵਾਰ ਨੂੰ ਹੋਈ ਮਹੀਨਾਵਾਰ ਇਕੱਤਰਤਾ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਿਆਂ ਹਰਕੋਮਲ ਬਰਿਆਰ ਦੀ ਪੁਸਤਕ ‘ਬੱਲੇ ਬਾਬਾ ਤੇਰੇ’ ਨੂੰ ਲੋਕ ਅਰਪਿਤ ਕੀਤਾ। ਸਭਾ ਦੇ ਪ੍ਰਧਾਨ ਪੋ੍. ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਗਰੀਨ ਪੰਜਾਬ ਮਿਸ਼ਨ ਪੰਜਾਬ ਦੇ ਦਫ਼ਤਰ ਹੋਈ ਇਕੱਤਰਤਾ ਸਮੇਂ ‘ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਨੌਤੀਆਂ ਵਿਸ਼ੇ ‘ਤੇ ਚਰਚਾ ਹੋਈ। ਮੀਟਿੰਗ ਦੀ ਆਰੰਭਤਾ ਸਭਾ ਦੇ ਜਨਰਲ ਸਕੱਤਰ ਦਲਜੀਤ ਕੌਰ ਹਠੂਰ ਨੇ ਸਭਾ ਦੀ ਸਾਲਾਨਾ ਰਿਪੋਰਟ ਸਾਂਝੀ ਕੀਤੀ ਉਪਰੰਤ ਸਭਾ ਵੱਲੋਂ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਰਗਰਮੀਆਂ ਤੇਜ਼ ਕਰਨ ਦਾ ਫ਼ੈਸਲਾ ਲਿਆ। ਸ਼ੁਰੂਆਤੀ ਦੌਰ ਸਮੇਂ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਕਵਿਤਾਵਾਂ ਦੇ ਦੌਰ ਦੀ ਸ਼ੁਰੂਆਤ ਦਵਿੰਦਰ ਸਿੰਘ ਬਜ਼ੁਰਗ ਨੇ ਕਵੀਸ਼ਰੀ ਰਾਹੀਂ ਕੀਤੀ। ਕਾਵਿਕ ਮਾਹੌਲ ਨੂੰ ਅਗਾਂਹ ਤੋਰਦਿਆਂ ਅਜੀਤ ਪਿਆਸਾ ਨੇ ‘ਦਿਲਲਗੀ’ ਪੇਸ਼ ਕਰ ਕੇ ਚੰਗਾ ਸਮਾਂ ਬੰਨਿ੍ਹਆਂ, ਜਦਕਿ ਮੇਜਰ ਸਿੰਘ ਛੀਨਾਂ ਨੇ ‘ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ’ ਪੇਸ਼ ਕਰ ਕੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨੂੰ ਭਾਵਨਾਤਮਿਕ ਲਹਿਜ਼ੇ ਵਿੱਚ ਬਿਆਨ ਕੀਤਾ। ਇਸ ਮੌਕੇ ਅਵਤਾਰ ਸਿੰਘ, ਸਰਦੂਲ ਲੱਖਾ ਨੇ ‘ਸੋਨੇ ਦੀ ਇੱਟ’ ਕਹਾਣੀ, ਗੁਰਜੀਤ ਸਹੋਤਾ ਨੇ ਖ਼ੂਬਸੂਰਤ ਅੰਦਾਜ਼ ਵਿੱਚ ਗ਼ਜ਼ਲ ਪੇਸ਼ ਕੀਤੀ। ਇਸ ਮੌਕੇ ਹਰਕੋਮਲ ਬਰਿਆਰ ਨੇ ਹਾਸ ਵਿਅੰਗ ‘ਬੱਲੇ ਬਾਬਾ ਬੁੱਲੇ’ ਪੇਸ਼ ਕਰ ਕੇ ਹਾਸ-ਰਸ ਮਾਹੌਲ ਸਿਰਜਿਆ। ਮਨਧੀਰ ਸਿੰਘ ਦਿਓਲ ਨੇ ‘ਦਿਹਾੜੀ’ ਕਹਾਣੀ ਰਾਹੀਂ ਚਰਚਾ ਛੇੜੀ। ਗੁਰਦੀਪ ਸਿੰਘ ਹਠੂਰ ਨੇ ‘ਰੁੱਖ’ ਬੋਲਦੇ ਕਵਿਤਾ ਰਾਹੀਂ ਰੁੱਖਾਂ ਦੀ ਵਰਤਮਾਨ ਦਸ਼ਾ ਬਿਆਨ ਕੀਤੀ। ਦਲਜੀਤ ਕੌਰ ਹਠੂਰ ਨੇ ਲੋਕ ਗੀਤ ‘ਗਿੱਧਾ’ ਪੇਸ਼ ਕਰ ਕੇ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਹਰਚੰਦ ਸਿੰਘ ਗਿੱਲ, ਡਾ. ਜਸਵੰਤ ਸਿੰਘ ਿਢੱਲੋਂ ਤੇ ਕੁਲਦੀਪ ਸਿੰਘ ਲੋਹਟ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੋ੍. ਐੱਚਐੱਸ ਡਿੰਪਲ ਨੇ ਹਾਜ਼ਰੀਨ ਵੱਲੋਂ ਪੇਸ਼ ਕੀਤੀਆਂ ਸਾਹਿਤਕ ਕਿਰਤਾਂ ‘ਤੇ ਆਲੋਚਨਾਤਮਿਕ ਟਿੱਪਣੀਆਂ ਸਾਂਝੀਆਂ ਕੀਤੀਆਂ। ਸਭਾ ਦੇ ਪ੍ਰਧਾਨ ਪੋ੍. ਕਰਮ ਸਿੰਘ ਸੰਧੂ ਨੇ ਖ਼ੂਬਸੂਰਤ ਨਜ਼ਮ ਆਖੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।