ਸ਼੍ਰੀਨਗਰ: ਸੋਮਵਾਰ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜੰਮੂ-ਕਸ਼ਮੀਰ ਤੇ ਲੱਦਾਖ ਖੇਤਰਾਂ ਸਣੇ ਉੱਤਰੀ ਭਾਰਤ ਵਿੱਚ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ।

ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਕਾਰਗਿਲ-ਲਦਾਖ ‘ਚ ਰਿਕਟਰ ਪੈਮਾਨੇ ‘ਤੇ 5.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰਤ ਬਿਆਨ ਮੁਤਾਬਕ ਭੂਚਾਲ ਸੋਮਵਾਰ ਨੂੰ ਦੁਪਹਿਰ 3.48 ਵਜੇ ਲੱਦਾਖ ਖੇਤਰ ਦੇ ਕਾਰਗਿਲ ਅਤੇ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਆਇਆ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਇਸੇ ਖੇਤਰ ‘ਚ ਸ਼ਾਮ 4:01 ਵਜੇ ਇਕ ਹੋਰ ਭੂਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.8 ਮਾਪੀ ਗਈ।

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ਤੋਂ ਇਕ ਹੋਰ ਭੂਚਾਲ ਦੀ ਸੂਚਨਾ ਮਿਲੀ ਹੈ। ਸ਼ਾਮ 4:01 ਵਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.8 ਮਾਪੀ ਗਈ। ਕਿਸ਼ਤਵਾੜ ਵਿੱਚ ਸ਼ਾਮ 4:16 ਵਜੇ ਇੱਕ ਹੋਰ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.6 ਸੀ।