ਏਐੱਨਆਈ, ਨਵੀਂ ਦਿੱਲੀ : ਚੀਨ ਤੋਂ ਫੰਡ ਪ੍ਰਾਪਤ ਕਰਨ ਦੇ ਦੋਸ਼ਾਂ ਕਾਰਨ ਦਿੱਲੀ ਪੁਲਿਸ ਨੇ ਮੰਗਲਵਾਰ (3 ਅਕਤੂਬਰ) ਨੂੰ ਨਿਊਜ਼ ਪੋਰਟਲ Newsclick ਨਾਲ ਜੁੜੇ ਕਈ ਪੱਤਰਕਾਰਾਂ ਅਤੇ 30 ਤੋਂ ਵੱਧ ਟਿਕਾਣਿਆਂ ਦੀ ਤਲਾਸ਼ੀ ਲਈ। ਇਹ ਤਲਾਸ਼ੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤੀ ਹੈ। Newsclick ਦੇ ਦਫ਼ਤਰ ‘ਤੇ ਛਾਪੇਮਾਰੀ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਾਂਚ ਏਜੰਸੀਆਂ ਆਜ਼ਾਦ ਹਨ ਤੇ ਉਹ ਨਿਯਮਾਂ ਅਨੁਸਾਰ ਆਪਣੀ ਕਾਰਵਾਈ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਨੂੰ ਜਾਇਜ਼ ਠਹਿਰਾਉਣਾ ਠੀਕ ਨਹੀਂ ਲਗਦਾ। ਜੇ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਉਸ ‘ਤੇ ਕੰਮ ਕਰਦੀਆਂ ਹਨ। ਇਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਜੇ ਤੁਹਾਡੇ ਕੋਲ ਗ਼ਲਤ ਤਰੀਕੇ ਨਾਲ ਪੈਸੇ ਆਏ ਹਨ ਜਾਂ ਕੋਈ ਇਤਰਾਜ਼ਯੋਗ ਕੰਮ ਹੋਇਆ ਹੋਵੇਗਾ, ਤਾਂ ਉਸ ‘ਤੇ ਜਾਂਚ ਏਜੰਸੀ ਕੰਮ ਨਹੀਂ ਕਰ ਸਕਦੀ। ਜਾਂਚ ਏਜੰਸੀਆਂ ਸੁਤੰਤਰ ਹਨ ਅਤੇ ਉਹ ਨਿਯਮਾਂ ਅਨੁਸਾਰ ਆਪਣੀ ਕਾਰਵਾਈ ਕਰਦੀਆਂ ਹਨ।

ਦੇਸ਼ ਵਿਰੋਧੀ ਕੰਮ ਕਰਨ ਵਾਲਿਆਂ ਖਿਲਾਫ ਵੀ ਹੋਵੇਗੀ ਕਾਰਵਾਈ – ਐੱਮਪੀ

ਇਸ ਮਾਮਲੇ ’ਤੇ ਭਾਜਪਾ ਆਗੂ ਦੁਸ਼ਯੰਤ ਕੁਮਾਰ ਗੌਤਮ ਨੇ ਕਿਹਾ ਕਿ ਜੋ ਵੀ ਸੰਸਥਾ ਦੇਸ਼ ਵਿਰੋਧੀ ਕੰਮ ਕਰੇਗੀ, ਉਸ ਖ਼ਿਲਾਫ਼ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਗੌਤਮ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਨਿਊਜ਼ਕਲਿੱਕ ਅਤੇ ਇਸ ਤਰ੍ਹਾਂ ਦੀਆਂ ਕੋਈ ਵੀ ਸੰਸਥਾਵਾਂ ਜੋ ਰਾਸ਼ਟਰ ਵਿਰੋਧੀ ਕੰਮ ਕਰਦੀਆਂ ਹਨ, ਉਨ੍ਹਾਂ ‘ਤੇ ਇਸੇ ਤਰ੍ਹਾਂ ਕਾਰਵਾਈ ਹੋਵੇਗੀ। ਚੀਨ ਸਾਡੇ ਦੇਸ਼ ਨੂੰ ਵਧਦਾ ਨਹੀਂ ਦੇਖਣਾ ਚਾਹੁੰਦਾ, ਇਸ ਲਈ ਉਹ ਕਈ ਰਾਸ਼ਟਰ ਵਿਰੋਧੀ ਏਜੰਸੀਆਂ ਦੀ ਵਰਤੋਂ ਕਰ ਕੇ ਦੇਸ਼ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੇਸ਼ ਇਸ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ। ਅਜਿਹੀਆਂ ਸੰਸਥਾਵਾਂ ਨੂੰ ਕੁਚਲ ਦਿੱਤਾ ਜਾਵੇਗਾ।’

ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਖ਼ਿਲਾਫ਼

ਏਐੱਨਆਈ ਸੂਤਰਾਂ ਦੇ ਅਨੁਸਾਰ ਨਿਊਜ਼ਕਲਿੱਕ ਨਾਲ ਜੁੜੇ ਵੱਖ-ਵੱਖ ਦਫ਼ਤਰਾਂ ‘ਤੇ ਚੱਲ ਰਹੀ ਦਿੱਲੀ ਪੁਲਿਸ ਦੀ ਛਾਪੇਮਾਰੀ ਯੂਏਪੀਏ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਦੇ ਤਹਿਤ 17 ਅਗਸਤ ਨੂੰ ਦਰਜ ਕੀਤੇ ਗਏ ਕੇਸ ‘ਤੇ ਅਧਾਰਿਤ ਹੈ। ਯੂਏਪੀਏ, ਆਈਪੀਸੀ ਦੀ ਧਾਰਾ 153ਏ (ਦੋ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ), ਆਈਪੀਸੀ ਦੀ ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।