ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁੱਠਭੇੜ ਦੇ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ l ਦਰਅਸਲ ਕੁਝ ਦਿਨ ਪਹਿਲੋਂ ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਤੋਂ ਬਾਅਦ ਗੈਂਗਸਟਰਾਂ ਨੇ ਉਸ ਦੇ ਪਰਿਵਾਰ ਕੋਲੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਸੀ l ਇਸ ਮਾਮਲੇ ਵਿੱਚ ਮੁਲਜ਼ਮਾਂ ਨੇ ਸੰਭਵ ਜੈਨ ਦੇ ਪੱਟ ਵਿੱਚ ਗੋਲੀ ਮਾਰ ਕੇ ਉਸ ਨੂੰ ਜਗਰਾਉਂ ਪੁੱਲ ਤੇ ਸੁੱਟ ਦਿੱਤਾ ਸੀ ਅਤੇ ਉਸ ਦੀ ਨਵੀਂ ਕੀਆ ਕਾਰ ਲੁੱਟ ਲਈ ਸੀ l ਬੁੱਧਵਾਰ ਦੁਪਹਿਰ ਨੂੰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਕੇਸ ਵਿੱਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਸੀ। ਸ਼ਾਮ 5:30 ਵਜੇ ਦੇ ਕਰੀਬ ਪੁਲਿਸ ਪਾਰਟੀ ਜਿਵੇਂ ਹੀ ਟਿੱਬਾ ਇਲਾਕੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ l ਇਸ ਮੁੱਠਭੇੜ ਦੇ ਦੌਰਾਨ ਦੋਵਾਂ ਗੈਂਗਸਟਰਾਂ ਦੀ ਥਾਂ ਤੇ ਹੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੋਵਾਂ ਗੈਂਗਸਟਰਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।