ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: 30 ਨਵੰਬਰ 2011 ਨੂੰ ਸਦੀਵੀ ਵਿਛੋੜਾ ਦੇ ਗਏ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਕਲੀਆਂ ਦਾ ਬਾਦਸ਼ਾਹ ਦੇ ਨਾਂ ਨਾਲ ਮਸ਼ਹੂਰ ਕੁਲਦੀਪ ਮਾਣਕ ਦਾ ਜਨਮ 15 ਨਵੰਬਰ ਸੰਨ 1951 ਨੂੰ ਪਿਤਾ ਨਿੱਕਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਚਨ ਕੌਰ ਦੀ ਕੁੱਖੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿਖੇ ਹੋਇਆ ਸੀ। ਸੰਨ 1975 ਵਿਚ ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਪਿੰਡ ਰਾਜਗੜ੍ਹ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਮਾਣਕ ਨੂੰ ਪ੍ਰਮਾਤਮਾ ਨੇ ਇਕ ਪੁੱਤਰ ਯੁੱਧਵੀਰ ਮਾਣਕ ਤੇ ਧੀ (ਸ਼ਕਤੀ ਮਾਣਕ) ਦੀ ਦਾਤ ਬਖ਼ਸ਼ੀ।

ਮਾਣਕ ਦਾ ਖਿਤਾਬ ਇਕ ਪੇਂਡੂ ਖੇਡ ਮੇਲੇ ਵਿਚ ਪਹੁੰਚੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕੁਲਦੀਪ ਮਾਣਕ ਵੱਲੋਂ ਗਾਏ ‘ਜੱਟਾ ਉਏ ਸੁਣ ਭੋਲਿਆ ਜੱਟਾ ਤੇਰੇ ਸਿਰ ਵਿਚ ਪੈਂਦਾ ਘੱਟਾ, ਵਿਹਲੜ ਲੋਕੀਂ ਮੌਜਾਂ ਮਾਣਦੇ’ ਗੀਤ ਨੂੰ ਸੁਣ ਕੇ ਦਿੱਤਾ ਸੀ। ਮਾਣਕ ਦਾ ਹੌਸਲਾ ਇੰਨਾ ਵਧਿਆ ਕਿ ਸਕੂਲ ਪੜ੍ਹਦਿਆਂ ਹੀ ਉਸ ਨੇ ਅਖਾੜਿਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਫਿਰ ਇਕ ਦਿਨ ਮਾਣਕ ਦਾ ਮੇਲ ਪਿੰਡ ਭੁੱਟੀਵਾਲਾ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਉਸਤਾਦ ਖੁਸ਼ੀ ਰਾਮ ਨਾਲ ਹੋਇਆ ਜਿਨ੍ਹਾਂ ਨੂੰ ਬਕਾਇਦਾ ਉਸਤਾਦ ਧਾਰਨ ਕਰ ਕੇ ਮਾਣਕ ਨੇ ਸੰਗੀਤ ਸਿੱਖਣਾ ਆਰੰਭ ਕੀਤਾ। ਕੁਝ ਸਮੇਂ ਬਾਅਦ ਮਾਣਕ ਪਰਿਵਾਰ ਸਮੇਤ ਲੁਧਿਆਣੇ ਆ ਵਸਿਆ ਤੇ ਬੱਸ ਸਟੈਂਡ ਕੋਲ ਗਾਇਕਾਂ ਦੇ ਦਫ਼ਤਰਾਂ ’ਚ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ।

ਮਾਣਕ ਨੇ ਹੋਰ ਕਲਾਕਾਰਾਂ ਦੇ ਨਾਲ-ਨਾਲ ਹਰਚਰਨ ਗਰੇਵਾਲ ਨਾਲ ਸਟੇਜਾਂ ’ਤੇ ਜਾਣਾ ਸ਼ੁਰੂ ਕੀਤਾ। ਹਰਚਰਨ ਗਰੇਵਾਲ ਦੀ ਟੀਮ ਵਿਚ ਕੁਲਦੀਪ ਮਾਣਕ ਕਈ ਸਾਲ 15 ਰੁਪਏ ਮਹੀਨੇ ’ਤੇ ਕੰਮ ਕਰਦਾ ਰਿਹਾ। ਫਿਰ ਖੁਦ ਆਪਣੇ ਤੌਰ ’ਤੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਕੁਲਦੀਪ ਮਾਣਕ ਦਾ ਸਟੇਜ ’ਤੇ ਜਾਣ ਦਾ ਅੰਦਾਜ਼ ਵੀ ਵੱਖਰਾ ਸੀ। ਉਹ ਦੂਰੋਂ ਤੁਰ ਕੇ ਸਟੇਜ ਤੱਕ ਜਾਂਦਾ ਸੀ।

ਮਾਸਟਰ ਗੁਰਦਿਆਲ ਸਿੰਘ ਨੇ ਦੇਵ ਥਰੀਕੇ ਨਾਲ ਕਰਵਾਈ ਸੀ ਮਾਣਕ ਦੀ ਮੁਲਾਕਾਤ

ਇਕ ਦਿਨ ਪੀਟੀ ਮਾਸਟਰ ਗੁਰਦਿਆਲ ਸਿੰਘ ਨੇ ਬੱਸ ਅੱਡੇ ਨੇੜੇ ਸੋਮੇ ਭਲਵਾਨ ਦੇ ਢਾਬੇ ’ਤੇ ਮਾਣਕ ਦੀ ਮੁਲਾਕਾਤ ਉਸਤਾਦ ਗੀਤਕਾਰ ਦੇਵ ਥਰੀਕੇ ਵਾਲੇ ਨਾਲ ਕਰਵਾਈ ਤੇ ਕਿਹਾ ਕਿ ਮਾਣਕ ਦੀ ਮਦਦ ਕਰਨੀ ਆਂ। ਢਾਬੇ ’ਤੇ ਗਾਣਾ ਚੱਲ ਰਿਹਾ ਸੀ, ‘ਤਿੱਤਰਾਂ ਦੇ ਮਿੱਤਰਾਂ ਨੂੰ।’ ਦੇਵ ਨੇ ਮਾਣਕ ਨੂੰ ਕਿਹਾ ਕਿ ਆਪਾਂ ਇਸ ਗੀਤ ਦੇ ਗਾਇਕ ਦਾ ਹੰਕਾਰ ਤੋੜਨਾ ਹੈ। ਮਾਣਕ ਕਹਿੰਦਾ ਫਿਕਰ ਨਾ ਕਰੋ ਗੀਤ ਲਿਖ ਕੇ ਦਿਉ। ਦੇਵ ਥਰੀਕੇ ਵਾਲੇ ਅਨੁਸਾਰ ਉਨ੍ਹਾਂ ਗੀਤ ਲਿਖ ਕੇ ਦਿੱਤੇ ਤੇ ਮਾਣਕ ਨੂੰ ਐੱਚਐੱਮਵੀ ਕੰਪਨੀ ਨਾਲ ਮਿਲਾਇਆ। ਕੰਪਨੀ ਦੇ ਮੈਨੇਜਰ ਸੰਤ ਰਾਮ ਦਾਸ ਸਦਕਾ ਮੇਰੇ ਲਿਖੇ ਤੇ ਮਾਣਕ ਦੇ ਗਾਏ ਚਾਰ ਗੀਤ ਰਸਾਲੂ ਰਾਣੀਏ, ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ, ਤੇਰੀ ਖਾਤਰ ਹੀਰੇ ਅਤੇ ਆਖੇ ਅਕਬਰ ਬਾਦਸ਼ਾਹ ਰਿਕਾਰਡ ਤੇ ਕਾਮਯਾਬ ਹੋਏ। ਮਾਣਕ ਦਾ ਹੌਸਲਾ ਵਧਿਆ ਤੇ ਕੰਪਨੀ ਨੇ ਲੋਕ ਗਾਥਾਵਾਂ ਦੀ ਕੈਸਿਟ ਰਿਲੀਜ਼ ਕੀਤੀ। ਇਨ੍ਹਾਂ ਲੋਕ ਗਾਥਾਵਾਂ ਵਿਚ ਸ਼ਾਮਲ ਛੇਤੀ ਕਰ ਸਰਵਣ ਪੁੱਤਰਾ ਅਤੇ ਤੇਰੇ ਟਿੱਲੇ ਤੋਂ ਓਹ ਸੂਰਤ ਦੀਹਦੀ ਆ ਹੀਰ ਦੀ ਨੇ ਤਰਥੱਲੀ ਮਚਾ ਦਿੱਤੀ।

ਯਾਦਗਾਰੀ ਹੋ ਨਿਬੜਿਆ ਮਾਣਕ ਦਾ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’

ਉਸਤਾਦ ਦੇਵ ਥਰੀਕੇ ਵਾਲਾ ਵੱਲੋਂ ਮਾਣਕ ਦੀ ਮਾਤਾ ਦੇ ਦੇਹਾਂਤ ’ਤੇ ਲਿਖਿਆ ਅਤੇ ਮਾਣਕ ਵੱਲੋਂ ਗਾਇਆ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ ਗੀਤ ਯਾਦਗਾਰੀ ਹੋ ਨਿਬੜਿਆ। ਹਰ ਪ੍ਰੋਗਰਾਮ ’ਤੇ ਇਸ ਗੀਤ ਦੀ ਵਿਸ਼ੇਸ਼ ਤੌਰ ’ਤੇ ਫਰਮਾਇਸ਼ ਕੀਤੀ ਜਾਣ ਲੱਗੀ। ਅੱਜ ਵੀ ਇਹ ਗੀਤ ਪਹਿਲਾਂ ਵਾਂਗ ਹੀ ਮਕਬੂਲ ਹੈ। ਅੱਜ ਬੇਸ਼ੱਕ ਸਰੀਰਕ ਤੌਰ ’ਤੇ ਕੁਲਦੀਪ ਮਾਣਕ ਸਾਡੇ ਵਿਚ ਨਹੀਂ ਰਿਹਾ ਪਰ ਆਪਣੇ ਅਨੇਕਾਂ ਸਦਾ ਬਹਾਰ ਗੀਤਾਂ ਸਦਕਾ ਉਹ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਵੱਸਦਾ ਰਹੇਗਾ।