ਐੱਸ ਪੀ ਜੋਸ਼ੀ, ਲੁਧਿਆਣਾ : ਬਸਤੀ ਜੋਧੇਵਾਲ ਚੌਕ ਵਿਚ ਨਾਕੇ ’ਤੇ ਖੜ੍ਹੇ ਪੁਲਿਸ ਮੁਲਾਜ਼ਮ ’ਤੇ ਕਾਰ ਸਵਾਰ ਨੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਹ ਕਰਤੂਤ ਅੰਜਾਮ ਦੇਣ ਮਗਰੋਂ ਕਾਰ ਚਾਲਕ ਫ਼ਰਾਰ ਹੋ ਗਿਆ ਪਰ ਪੁਲਿਸ ਨੇ ਪਿੱਛਾ ਕਰ ਕੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਬਸਤੀ ਜੋਧੇਵਾਲ ਚੌਕ ’ਚ ਡਿਊਟੀ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਇਕ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਕਾਰ ਰੋਕਣ ਦੀ ਬਜਾਏ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਕਾਰ ਰੋਕ ਰਹੇ ਮੁਲਾਜ਼ਮ ਨੂੰ ਚਾਲਕ ਦੇ ਇਰਾਦੇ ਦੀ ਭਿਣਕ ਨਹੀਂ ਲੱਗੀ ਤੇ ਉਹ ਕਾਰ ਹੇਠਾਂ ਆਉਂਦਾ ਮਸਾਂ ਬਚਿਆ। ਪੁਲਿਸ ਮੁਲਾਜ਼ਮਾਂ ਨੇ ਫਰਾਰ ਹੋ ਰਹੇ ਕਾਰ ਚਾਲਕ ਦਾ ਪਿੱਛਾ ਕਰ ਕੇ ਕਰੀਬ ਅੱਧਾ ਕਿਲੋਮੀਟਰ ਅੱਗੇ ਉਸ ਨੂੰ ਘੇਰ ਲਿਆ। ਕਾਰ ਚਾਲਕ ਨੇ ਕਾਰ ਵਿਚ ਹੌਜ਼ਰੀ ਦਾ ਕੱਪੜਾ ਭਰਿਆ ਹੋਇਆ ਸੀ। ਸ਼ਾਇਦ ਕੱਪੜੇ ਦਾ ਬਿੱਲ ਨਾ ਹੋਣ ਕਾਰਨ ਘਬਰਾਹਟ ਵਿਚ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਟਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਮੁਤਾਬਕ ਕਾਰ ਚਾਲਕ ਨੂੰ ਰੋਕ ਕੇ ਉਸ ਦਾ ਚਲਾਨ ਕੱਟਿਆ ਗਿਆ ਅਤੇ ਭਵਿੱਖ ਵਿਚ ਅਜਿਹੀ ਹਰਕਤ ਨਾ ਦੁਹਰਾਉਣ ਲਈ ਤਾੜਨਾ ਵੀ ਕੀਤੀ ਗਈ।