ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਅਤੇ ਮਹਾਰਾਣੀ ਕਪੂਰਥਲਾ ਗੀਤਾ ਦੇਵੀ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਗਈਆਂ ਉੱਚ-ਸਤਿਕਾਰ ਵਾਲੀਆਂ ਔਰਤਾਂ ਵਿਚ ਗਿਣਿਆ ਜਾਂਦਾ ਸੀ। ਇਸ ਮਹਾਨ ਆਤਮਾ ਗੀਤਾ ਦੇਵੀ ਦਾ ਅੰਤਿਮ ਸੰਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਲੋਧੀ ਸ਼ਮਸ਼ਾਨਘਾਟ, ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।

ਦਿਲ ਦੀ ਸਮੱਸਿਆ ਤੋਂ ਸੀ ਪੀੜਤ

ਮਹਾਰਾਣੀ ਗੀਤਾ ਦੇਵੀ ਦੇ ਅਕਾਲ ਚਲਾਣੇ ਬਾਰੇ ਉਨ੍ਹਾਂ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ।

ਰਿਆਸਤਾਂ ਦੇ ਰਾਜਿਆਂ ‘ਚ ਡੂੰਘਾ ਸੋਗ

ਮਹਾਰਾਣੀ ਗੀਤਾ ਦੇਵੀ ਦੇ ਦੇ ਦਿਹਾਂਤ ‘ਤੇ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਿਆਸਤ ਦੇ ਯੁਵਰਾਜ ਜਸਡਨ, ਗਵਾਲੀਅਰ ਰਿਆਸਤ ਦੇ ਰਾਜਕੁਮਾਰ, ਪਟਿਆਲਾ ਰਿਆਸਤ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਬੜੌਦਾ, ਜੈਪੁਰ, ਜੋਧਪੁਰ ਆਦਿ ਰਿਆਸਤਾਂ ਦੇ ਰਾਜਕੁਮਾਰਾਂ ਅਤੇ ਰਾਜਿਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਹਾਰਾਣੀ ਗੀਤਾ ਦੇਵੀ ਉਨ੍ਹਾਂ ਦੀਆਂ ਯਾਦਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ।