ਕੈਨੇਡਾ ਦੀ 61 ਸਾਲਾ ਮਹਿਲਾ ਨੇ ਪੰਜ ਘੰਟੇ ਪਲੈਂਕ ਕਰਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
ਅਲਬਰਟਾ, :
ਕੈਨੇਡਾ ਦੇ ਅਲਬਰਟਾ ਸੂਬੇ ਦੀ 61 ਸਾਲਾ ਮਹਿਲਾ ਡੋਨਾ ਜੀਨ ਵਾਈਲਡ ਨੇ ਪੰਜ ਘੰਟੇ ਲਗਾਤਾਰ ਪਲੈਂਕ ਦੀ ਸਥਿਤੀ
ਵਿੱਚ ਰਹਿ ਕੇ ਨਵਾਂ ਗਿਨੀਜ਼ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਅਮਰੀਕਾ ਦੇ ਉਟਾਹ ਵਿੱਚ
ਹੰਟਸਮੈਨ ਵਿਸ਼ਵ ਸੀਨੀਅਰ ਖੇਡਾਂ ਦੇ ਉਦਘਾਟਨੀ ਸਮਾਗਮ ਦੌਰਾਨ ਇਹ ਉਪਲਬਧੀ ਹਾਸਿਲ ਕੀਤੀ।
ਵਾਈਲਡ ਅਲਬਰਟਾ ਦੇ ਵੈਲਿੰਗ ਇਲਾਕੇ ਦੀ ਰਹਿਣ ਵਾਲੀ ਸੇਵਾਮੁਕਤ ਅਧਿਆਪਕਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ
ਮਾਰਚ 2024 ਵਿੱਚ ਮੈਗਰਾਥ ਵਿਖੇ ਚਾਰ ਘੰਟੇ 30 ਮਿੰਟ ਤੱਕ ਪਲੈਂਕ ਕਰਕੇ ਰਿਕਾਰਡ ਬਣਾਇਆ ਸੀ। ਇਸ ਵਾਰ
ਉਨ੍ਹਾਂ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ।
ਵਾਈਲਡ ਨੇ ਦੱਸਿਆ ਕਿ ਜਦੋਂ ਉਹ ਚਾਰ ਘੰਟੇ 45 ਮਿੰਟ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਹੁਣ ਹੋਰ ਜਾਰੀ
ਰੱਖਣਾ ਮੁਸ਼ਕਿਲ ਹੈ। ਉਨ੍ਹਾਂ ਨੇ ਆਪਣੇ ਪਤੀ ਨੂੰ ਵੀ ਕਿਹਾ ਕਿ ਸ਼ਾਇਦ ਉਹ ਪੰਜ ਘੰਟੇ ਪੂਰੇ ਨਹੀਂ ਕਰ ਸਕੇਗੀ। ਪਰ
ਸਮਾਗਮ ਦੇ ਸੰਚਾਲਕ ਨੇ ਦਰਸ਼ਕਾਂ ਦਾ ਉਤਸ਼ਾਹ ਵਧਾਇਆ ਅਤੇ ਲੋਕਾਂ ਦੀ ਹੌਸਲਾ-ਅਫ਼ਜ਼ਾਈ ਨੇ ਉਨ੍ਹਾਂ ਨੂੰ ਆਖ਼ਰੀ 15
ਮਿੰਟ ਪੂਰੇ ਕਰਨ ਦੀ ਤਾਕਤ ਦਿੱਤੀ।
ਇਹ ਉਨ੍ਹਾਂ ਦੀ ਪਹਿਲੀ ਵਿਸ਼ਵ ਪੱਧਰੀ ਉਪਲਬਧੀ ਨਹੀਂ ਹੈ। ਉਸੇ ਸਾਲ ਉਨ੍ਹਾਂ ਨੇ ਇੱਕ ਘੰਟੇ ਵਿੱਚ ਮਹਿਲਾਵਾਂ ਵੱਲੋਂ
ਸਭ ਤੋਂ ਵੱਧ ਪੁਸ਼-ਅੱਪ ਕਰਨ ਦਾ ਰਿਕਾਰਡ ਵੀ ਬਣਾਇਆ ਸੀ। ਉਨ੍ਹਾਂ ਨੇ 60 ਮਿੰਟਾਂ ਵਿੱਚ 1,575 ਪੁਸ਼-ਅੱਪ ਕੀਤੇ
ਸਨ।ਵਾਈਲਡ ਮੁਤਾਬਕ, ਲਗਭਗ 12 ਸਾਲ ਪਹਿਲਾਂ ਗੁੱਟ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਪਲੈਂਕ ਕਰਨ ਦੀ ਸ਼ੁਰੂਆਤ
ਕੀਤੀ ਸੀ। ਉਹ ਪਹਿਲਾਂ ਤੋਂ ਹੀ ਸਰਗਰਮ ਜੀਵਨ ਜਿਉਂਦੇ ਸਨ ਅਤੇ ਦੌੜਨ ਦੀ ਸ਼ੌਕੀਨ ਸੀ, ਪਰ ਸੱਟ ਕਾਰਨ ਕਸਰਤ
ਸੀਮਤ ਹੋ ਗਈ ਸੀ। ਪਲੈਂਕ ਅਜਿਹੀ ਕਸਰਤ ਸੀ, ਜਿਸ ਨੂੰ ਉਹ ਸੱਟ ਤੋਂ ਠੀਕ ਹੋਣ ਦੌਰਾਨ ਵੀ ਕਰ ਸਕਦੀ ਸੀ।



