ਮੁੰਬਈ (ਪੀਟੀਆਈ) : ਪਹਿਲਾ ਮੈਚ ਗੁਆਉਣ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ਦੇ ਵਿਰੁੱਧ ਸ਼ਨਿਚਰਵਾਰ ਨੂੰ ਦੂਜੇ ਵਨਡੇ ਮੈਚ ਵਿਚ ਉਤਰੇਗੀ ਤਾਂ ਉਸ ਦੇ ਸਾਹਮਣੇ ਸੀਰੀਜ਼ ਬਚਾਉਣ ਦੀ ਵੱਡੀ ਚੁਣੌਤੀ ਹੋਵੇਗੀ। ਆਸਟ੍ਰੇਲੀਆ ਨੇ ਵਾਨਖੇੜੇ ਸਟੇਡੀਅਮ ’ਤੇ ਪਹਿਲੇ ਵਨਡੇ ਵਿਚ ਭਾਰਤ ਨੂੰ ਹਰ ਵਿਭਾਗ ਵਿਚ ਮਾੜਾ ਸਾਬਿਤ ਕਰ ਦਿੱਤਾ। ਭਾਰਤ ਨੇ ਜੇਮਿਮਾ ਰੋਡਰਿਗਜ (82) ਤੇ ਪੂਜਾ ਵਸਤਰਾਕਰ (ਅਜੇਤੂ 62) ਦੀਆਂ ਪਾਰੀਆਂ ਦੇ ਦਮ ’ਤੇ ਆਸਟ੍ਰੇਲੀਆ ਦੇ ਵਿਰੁੱਧ ਆਪਣਾ ਸਰਬੋਤਮ ਸਕੋਰ ਅੱਠ ਵਿਕਟਾਂ ’ਤੇ 282 ਦੌੜਾਂ ਬਣਾਈਆਂ। ਭਾਰਤ ਨੇ ਗੇਂਦਬਾਜ਼ੀ ਵਿਚ ਸੱਤ ਗੇਂਦਬਾਜ਼ਾਂ ਨੂੰ ਅਜਮਾਇਆ ਪਰ ਕੋਈ ਫਾਇਦਾ ਨਹੀਂ ਮਿਲਿਆ। ਆਸਟ੍ਰੇਲੀਆ ਨੇ ਤਿੰਨ ਓਵਰ ਤੇ ਛੇ ਵਿਕਟ ਬਾਕੀ ਰਹਿੰਦੇ ਜਿੱਤ ਦਰਜ ਕੀਤੀ। ਭਾਰਤ ਦੀ ਆਪਣੀ ਧਰਤੀ ’ਤੇ ਇਹ ਲਗਾਤਾਰ ਅੱਠਵੀਂ ਹਾਰ ਸੀ। ਇਸ ਤਰ੍ਹਾਂ ਦਾ ਪ੍ਰਦਰਸ਼ਨ ਡੈ੍ਰਸਿੰਗ ਰੂਮ ਵਿਚ ਜ਼ਰੂਰ ਚਿੰਤਾ ਦਾ ਸੱਬਬ ਬਣਿਆ ਹੋਵੇਗਾ। ਪਹਿਲੇ ਮੈਚ ਵਿਚ ਨਵੀਂ ਗੇਂਦ ਸੰਭਾਲਣ ਵਾਲੇ ਭਾਰਤੀ ਗੇਂਦਬਾਜ਼ ਨਾਕਾਮ ਰਹੇ ਤੇ ਸਪਿੰਨਰ ਵੀ ਪ੍ਰਭਾਵਿਤ ਨਹੀਂ ਕਰ ਸਕੇ। ਭਾਰਤ ਨੂੰ ਹੁਣ ਇਸ ਹਾਰ ਨੂੰ ਭੁੱਲ ਕੇ ਅਗਲੇ ਮੈਚ ਦੀ ਤਿਆਰੀ ਕਰਨੀ ਹੈ। ਪਿਛਲੇ 23 ਦਿਨ ਵਿਚ ਸਾਰੇ ਫਾਰਮੈਟਾਂ ਨੂੰ ਮਿਲਾ ਕੇ ਭਾਰਤ ਇਹ ਸੱਤਵਾਂ ਮੈਚ ਹੈ। ਭਾਰਤੀ ਟੀਮ 35 ਦਿਨ ਅੰਦਰ 11 ਮੈਚ ਖੇਡ ਰਹੀ ਹੈ। ਇਹ ਵੀ ਦੇਖਣਾ ਹੋਵੇਗਾ ਕਿ ਤਬੀਅਤ ਖਰਾਬ ਹੋਣ ਕਾਰਨ ਪਹਿਲੇ ਮੈਚ ਤੋਂ ਬਾਹਰ ਰਹੀ ਉਪਕਪਤਾਨ ਸ੍ਰਮਿਤੀ ਮੰਧਾਨਾ ਦੂਜਾ ਮੈਚ ਖੇਡ ਪਾਉਂਦੀ ਹੈ ਜਾਂ ਨਹੀਂ। ਭਾਰਤੀ ਗੇਂਦਬਾਜ਼ਾਂ ਨੂੰ ਆਸਟ੍ਰੇਲਿਆਈ ਉਪਕਪਤਾਨ ਤਾਹਲਿਆ ਮੈਕਗ੍ਰਾ ਦੇ ਬੱਲੇ ’ਤੇ ਵੀ ਰੋਕ ਲਾਉਣੀ ਹੋਵੇਗੀ ਜੋ ਇਸ ਦੌਰੇ ’ਤੇ ਹੁਣ ਤੱਕ ਤਿੰਨ ਅਰਧ ਸੈਂਕੜੇ ਲਾ ਚੁੱਕੀ ਹੈ। ਪਹਿਲੇ ਮੈਚ ਵਿਚ ਪਿੱਚ ਬੱਲੇਬਾਜ਼ੀ ਦੀ ਮਦਦਗਾਰ ਸੀ ਤੇ ਅਗਲੇ ਦੋ ਮੈਚਾਂ ਵਿਚੋਂ ਅਜਿਹੀ ਪਿੱਚ ਮਿਲਣ ਦੀ ਉਮੀਦ ਹੈ।

ਟੀਮਾਂ

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ (ਉਪਕਪਤਾਨ), ਜੇਮਿਮਾ ਰੋਡਰਿਗਜ, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਯਾਸਤਿਕਾ ਭਾਟੀਆ, ਰਿਚਾ ਘੋਸ਼, ਅਮਨਜੋਤ ਕੌਰ, ਸ਼੍ਰੇਯੰਕਾ ਪਾਟਿਲ, ਮੰਨਤ ਕਸ਼ਯਪ, ਸਾਇਕਾ ਇਸ਼ਾਕ, ਰੇਣੁਕਾ ਸਿੰਘ ਠਾਕੁਰ, ਟਿਟਾਸ ਸਾਧੂ, ਪੂਜਾ ਵਸਤਰਾਕਰ, ਸਨੇਹਾ ਰਾਣਾ, ਹਰਲੀਨ ਦਿਓਲ।

ਆਸਟ੍ਰੇਲੀਆ : ਡਾਰਸੀ ਬ੍ਰਾਓਨ, ਹੀਥਰ ਗ੍ਰਾਹਮ, ਐਸ਼ਲੇ ਗਾਰਡਨਰ, ਕਿਮ ਗਾਰਥ, ਐਲਿਸਾ ਹੀਲੀ (ਕਪਤਾਨ), ਜੇਸ ਜੋਨਾਸੇਨ, ਅਲਾਨਾ ਕਿੰਗ, ਫੋਏਬੇ ਲਿਚਫੋਲਡ, ਤਾਹਲਿਆ ਮੈਕਗ੍ਰਾਥ, ਬੇਥ ਮੂਨੀ, ਐਲਿਸਾ ਪੈਰੀ, ਮੈਗਨ ਸ਼ੁਟ, ਐਨਾਬੇਲ ਸਦਰਲੈਂਡ, ਜਾਰਜੀਆ ਵੇਅਰਹੈਮ।