ਸਪੋਰਟਸ ਡੈਸਕ, ਨਵੀਂ ਦਿੱਲੀ : Mohammed Shami IND vs NZ: ICC World Cup 2023 ‘ਚ ਆਪਣਾ ਪਹਿਲਾ ਮੈਚ ਖੇਡ ਰਹੇ ਮੁਹੰਮਦ ਸ਼ਮੀ ਨਿਊਜ਼ੀਲੈਂਡ ਖਿਲਾਫ਼ ਆਪਣੀ ਰਫ਼ਤਾਰ ਨਾਲ ਜ਼ਬਰਦਸਤ ਕਹਿਰ ਢਾਹ ਰਹੇ ਹਨ। ਸ਼ਮੀ ਦੇ ਹੱਥੋਂ ਨਿਕਲੀ ਸ਼ਾਨਦਾਰ ਗੇਂਦ ਸਾਹਮਣੇ ਵਿਲ ਯੰਗ ਚਾਰੇ ਖਾਨੇ ਚਿੱਤ ਹੋਏ। ਭਾਰਤੀ ਤੇਜ਼ ਗੇਂਦਬਾਜ਼ ਨੇ ਕੀਵੀ ਸਲਾਮੀ ਬੱਲੇਬਾਜ਼ ਨੂੰ ਕਲੀਨ ਬੋਲਡ ਕਰ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਵਿਕਟ ਨਾਲ ਸ਼ਮੀ ਨੇ ਵਿਸ਼ਵ ਕੱਪ ‘ਚ ਅਨਿਲ ਕੁੰਬਲੇ ਦਾ ਵੱਡਾ ਰਿਕਾਰਡ ਵੀ ਤੋੜਿਆ ਹੈ।
ਸ਼ਮੀ ਨੇ ਉਡਾਏ ਯੰਗ ਦੇ ਹੋਸ਼
ਵਿਸ਼ਵ ਕੱਪ 2023 ‘ਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾ ਰਹੇ ਮੈਚ ‘ਚ ਸ਼ਾਰਦੁਲ ਠਾਕੁਰ ਦੀ ਥਾਂ ਮੁਹੰਮਦ ਸ਼ਮੀ ਨੂੰ ਪਲੇਇੰਗ ਇਲੈਵਨ ‘ਚ ਮੌਕਾ ਦਿੱਤਾ ਗਿਆ ਹੈ। ਸ਼ਮੀ ਨੇ ਇਸ ਫੈਸਲੇ ਨੂੰ ਸਹੀ ਠਹਿਰਾਇਆ ਤੇ ਪਾਰੀ ਦੇ ਅੱਠਵੇਂ ਓਵਰ ‘ਚ ਵਿਲ ਯੰਗ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਸ਼ਮੀ ਦੀ ਗੇਂਦ ਹਿੱਟ ਹੋਣ ਤੋਂ ਬਾਅਦ ਅੰਦਰ ਵੱਲ ਆ ਗਈ, ਜਿਸ ਨੂੰ ਯੰਗ ਸਮਝਣ ‘ਚ ਪੂਰੀ ਤਰ੍ਹਾਂ ਅਸਫਲ ਰਹੇ। ਯੰਗ ਨੂੰ ਸਿਰਫ਼ 17 ਦੌੜਾਂ ਦੇ ਸਕੋਰ ‘ਤੇ ਸ਼ਮੀ ਨੇ ਆਊਟ ਕੀਤਾ।
MUHAMMAD SHAMI get wicket of Will young on first ball of his spell pic.twitter.com/CQ7KZiD2vG
— NUMAN KHAN NIAZI (@CREXNuman) October 22, 2023
ਤੋੜਿਆ ਕੁੰਬਲੇ ਦਾ ਵੱਡਾ ਰਿਕਾਰਡ
ਵਿਲ ਯੰਗ ਦਾ ਵਿਕਟ ਲੈਣ ਦੇ ਨਾਲ ਹੀ ਸ਼ਮੀ ਨੇ ਖਾਸ ਮੁਕਾਮ ਹਾਸਲ ਕਰ ਲਿਆ ਹੈ। ਸ਼ਮੀ ਹੁਣ 50 ਓਵਰਾਂ ਦੇ ਵਿਸ਼ਵ ਕੱਪ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਸ਼ਮੀ ਨੇ ਇਸ ਮਾਮਲੇ ‘ਚ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਕੁੰਬਲੇ ਦੇ ਨਾਂ ਕੁੱਲ 31 ਵਿਕਟਾਂ ਸਨ ਜਦਕਿ ਵਿਸ਼ਵ ਕੱਪ ‘ਚ ਸ਼ਮੀ ਦੀ ਇਹ 32ਵੀਂ ਵਿਕਟ ਸੀ। ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਭਾਰਤ ਤੋਂ ਜ਼ਹੀਰ ਖਾਨ ਟਾਪ ‘ਤੇ ਮੌਜੂਦ ਹਨ, ਜਿਨ੍ਹਾਂ ਨੇ 44 ਵਿਕਟਾਂ ਲਈਆਂ ਹਨ। ਜਦਕਿ ਜਵਾਗਲ ਸ਼੍ਰੀਨਾਥ ਇੰਨੀਆਂ ਹੀ ਵਿਕਟਾਂ ਲੈ ਕੇ ਦੂਜੇ ਨੰਬਰ ‘ਤੇ ਹਨ।
ਦੋ ਬਦਲਾਵਾਂ ਨਾਲ ਉਤਰੀ ਹੈ ਟੀਮ ਇੰਡੀਆ
ਭਾਰਤੀ ਟੀਮ ਨੇ ਆਪਣੀ ਪਲੇਇੰਗ ਇਲੈਵਨ ‘ਚ ਦੋ ਬਦਲਾਅ ਕੀਤੇ ਹਨ। ਜ਼ਖਮੀ ਹਾਰਦਿਕ ਪਾਂਡਿਆਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਆਖਰੀ ਗਿਆਰਾਂ ‘ਚ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਰਦੁਲ ਠਾਕੁਰ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ ਮੁਹੰਮਦ ਸ਼ਮੀ ‘ਤੇ ਭਰੋਸਾ ਜਤਾਇਆ ਹੈ। ਭਾਰਤ ਨੇ ਹੁਣ ਤੱਕ ਖੇਡੇ ਗਏ ਚਾਰੇ ਮੈਚਾਂ ਵਿੱਚ ਜਿੱਤ ਦਾ ਸਵਾਦ ਚੱਖਿਆ ਹੈ।



