ਜਾਗਰਣ ਨਿਊਜ਼ ਨੈੱਟਵਰਕ, ਅਹਿਮਦਾਬਾਦ : ਐਤਵਾਰ ਸਵੇਰੇ ਨਰਿੰਦਰ ਮੋਦੀ ਸਟੇਡੀਅਮ ਵੱਲ ਜਾਣ ਵਾਲੀਆਂ ਸਾਰੀਆਂ ਗਲੀਆਂ ਨੀਲੇ ਰੰਗ ਦੇ ਸੈਲਾਬ ਨਾਲ ਢੱਕ ਹੋਈਆਂ ਸੀ। ਇੰਝ ਲੱਗ ਰਿਹਾ ਸੀ ਜਿਵੇਂ ਸਾਰਾ ਸ਼ਹਿਰ ਇੱਕੋ ਦਿਸ਼ਾ ਵੱਲ ਵਧ ਰਿਹਾ ਹੋਵੇ। ਅਹਿਮਦਾਬਾਦ ਦੀਆਂ ਗਲੀਆਂ ਊਰਜਾ ਅਤੇ ਉਤਸ਼ਾਹ ਨਾਲ ਭਰੀਆਂ ਹੋਈਆਂ ਸਨ। ਨਰਿੰਦਰ ਮੋਦੀ ਸਟੇਡੀਅਮ ਵੱਲ ਵਧ ਰਹੇ ਪ੍ਰਸ਼ੰਸਕਾਂ ਨੇ ਭਾਰਤੀ ਟੀਮ ਦੀ ਨੀਲੀ ਜਰਸੀ ਪਾਈ ਹੋਈ ਸੀ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਭਾਰਤੀ ਝੰਡਾ ਸੀ। ਮੋਟੇਰਾ ਵੱਲ ਟਰੈਫਿਕ ਕਾਫੀ ਹੌਲੀ ਚੱਲ ਰਹੀ ਸੀ ਪਰ ਸਟੇਡੀਅਮ ਨੇੜੇ ਪਹੁੰਚ ਕੇ ਰੁਕ ਗਈ। ਕਈ ਥਾਵਾਂ ’ਤੇ ਹਾਲਾਤ ਅਜਿਹੇ ਸਨ ਕਿ ਲੋਕ ਇਕ ਇੰਚ ਵੀ ਨਹੀਂ ਹਿੱਲ ਸਕਦੇ ਸੀ। ਸਾਰਿਆਂ ਨੇ ਆਪਣੀ ਪਸੰਦ ਅਨੁਸਾਰ ਜਰਸੀ ਖਰੀਦੀ ਸੀ। ਕੁਝ ਲੋਕਾਂ ਨੇ ਐਡੀਡਾਸ ਦੀ ਅਸਲੀ ਜਰਸੀ ਪਾਈ ਹੋਈ ਸੀ ਜਦਕਿ ਜ਼ਿਆਦਾਤਰ ਲੋਕਾਂ ਨੇ ਸੜਕ ਕਿਨਾਰੇ ਮਿਲਣ ਵਾਲੀਆਂ ਨੀਲੀਆਂ ਜਰਸੀਆਂ ਪਾਈਆਂ ਹੋਈਆਂ ਸਨ। ਜਿੱਧਰ ਵੀ ਨਜ਼ਰ ਮਾਰੀ ਹਰ ਕਿਸੇ ਦੀ ਪਿੱਠ ’ਤੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਨਾਂ ਨਜ਼ਰ ਆ ਰਹੇ ਸਨ। ਕੁਝ ਲੋਕ ਜਸਪ੍ਰੀਤ ਬੁਮਰਾਹ ਅਤੇ ਰਾਹੁਲ ਦੀ ਜਰਸੀ ਪਹਿਨੇ ਵੀ ਨਜ਼ਰ ਆਏ।

ਅਸਮਾਨ ’ਚ ਦਿੱਖਿਆ ਦੇਸ਼ ਦਾ ਮਾਣ

ਅਹਿਮਦਾਬਾਦ: ਫਾਈਨਲ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਕਰੋਬੈਟਿਕ ਟੀਮ ਨੇ ਐਤਵਾਰ ਨੂੰ ਇੱਥੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖਚਾਖਚ ਭਰੇ ਸਟੇਡੀਅਮ ’ਚ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤੀ ਹਵਾਈ ਸੈਨਾ ਦੇ ਕੁੱਲ ਨੌਂ ਹਾਕ ਐੱਮਕੇ-132 ਜਹਾਜ਼ਾਂ ਨੇ ਇਤਿਹਾਸ ਰਚਿਆ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਭਾਰਤ ਵਿਚ ਕ੍ਰਿਕਟ ਮੈਚ ਤੋਂ ਪਹਿਲਾਂ ਇਕ ਏਅਰ ਸ਼ੋਅ ਕੀਤਾ ਸੀ। ਭਾਰਤੀ ਹਵਾਈ ਸੈਨਾ ਦੇ 52ਵੇਂ ਸਕੁਐਡਰਨ ਦਾ ਹਿੱਸਾ ਸੂਰਿਆ ਕਿਰਨ ਟੀਮ ਦੇ ਪਾਇਲਟਾਂ ਨੇ 10 ਮਿੰਟ ਤੱਕ ਏਅਰ ਸ਼ੋਅ ਕੀਤਾ। ਆਮ ਤੌਰ ’ਤੇ 13 ਪਾਇਲਟਾਂ ਦੀ ਬਣੀ ਐੱਸਕੇਏਟੀ ਟੀਮ ਵਿੱਚੋਂ ਸਿਰਫ਼ ਨੌਂ, ਕਿਸੇ ਵੀ ਸਮੇਂ ਆਪਣੇ ਹਾਕ ਐਡਵਾਂਸਡ ਟਰੇਨਰ ਜੈੱਟ ਵਿਚ ਪ੍ਰਦਰਸ਼ਨ ਕਰਦੇ ਹਨ।

ਮੈਚ ਦੌਰਾਨ ਡ੍ਰੋਨ ਸ਼ੋਅ ਵੀ ਹੋਇਆ। ਡ੍ਰੋਨਾਂ ਦੇ ਸਮੂਹ ਨਾਲ ਅਸਮਾਨ ਵਿਚ ਭਾਰਤ ਦਾ ਨਕਸ਼ਾ ਅਤੇ ਝੰਡਾ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਵਿਸ਼ਵ ਕੱਪ ਟਰਾਫੀ ਦੀ ਤਸਵੀਰ ਵੀ ਬਣਾਈ ਗਈ। ਇਸ ਤੋਂ ਇਲਾਵਾ ਡਰੋਨ ਦੀ ਵਰਤੋਂ ਕਰਕੇ ਸਟੇਡੀਅਮ ਵਿਚ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹਨ, ਜੋ ਕਿ ਸ਼ਾਨਦਾਰ ਹੈ।