ਵਿਸ਼ਾਖਾਪਟਨਮ (ਪੀਟੀਆਈ) : ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਮੈਚ ’ਚ ਮੁਸ਼ਕਲ ਹਾਲਾਤ ’ਚ ਖੇਡੀ ਗਈ ਪਾਰੀ ਦੌਰਾਨ ਸੰਜਮ ਬਣਾਈ ਰੱਖਣ ਲਈ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਿਹਰਾ ਦਿੱਤਾ।
ਰਿੰਕੂ ਨੇ ਵੀਰਵਾਰ ਨੂੰ ਫਿਨਿਸ਼ਰ ਦੀ ਭੂਮਿਕਾ ਬਾਖ਼ੂਬੀ ਨਿਭਾਉਂਦੇ ਹੋਏ ਆਖ਼ਰੀ ਓਵਰ ’ਚ ਜੇਤੂੁ ਦੌੜ ਲਈ ਤੇ ਭਾਰਤ ਨੂੰ ਦੋ ਵਿਕਟਾਂ ਨਾਲ ਜਿੱਤ ਦਿਵਾਈ। ਬੀਸੀਸੀਆਈ ਦੇ ਇਕ ਵੀਡੀਓ ’ਚ ਰਿੰਕੂ ਨੇ ਕਿਹਾ, ‘ਜਿੱਥੋਂ ਤਕ ਸੰਜਮ ’ਚ ਰਹਿਣ ਦੇ ਰਾਜ਼ ਦੀ ਗੱਲ ਹੈ ਤਾਂ ਮੈਂ ਮਾਹੀ (ਧੋਨੀ) ਭਾਜੀ ਨਾਲ ਚਰਚਾ ਕੀਤੀ ਸੀ ਕਿ ਉਹ ਸੰਜਮ ’ਚ ਬਣੇ ਰਹਿਣ ਲਈ ਕੀ ਕਰਦੇ ਹਨ, ਖ਼ਾਸ ਕਰ ਆਖ਼ਰੀ ਓਵਰ ’ਚ। ਉਨ੍ਹਾਂ ਮੈਨੂੰ ਕਿਹਾ ਸੀ ਕਿ ਜਿੱਥੇ ਤਕ ਸੰਭਵ ਹੋਵੇ ਸ਼ਾਂਤ ਬਣੇ ਰਹਿਣ ਦੀ ਕੋਸ਼ਿਸ਼ ਕਰੋ ਤੇ ਸਿੱਧੇ ਗੇਂਦਬਾਜ਼ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਮੈਂ ਇਸੇ ਤਰ੍ਹਾਂ ਮੈਚ ’ਚ ਸੰਜਮ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ।’ ਉਨ੍ਹਾਂ ਕਿਹਾ, ‘ਜਿੱਤ ਕੇ ਚੰਗਾ ਮਹਿਸੂਸ ਹੋਇਆ। ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਮੇਰਾ ਇਕ ਹੀ ਟੀਚਾ ਸੀ, ਮੈਂ ਚੰਗਾ ਖੇਡਾਂ ਤੇ ਸੂਰੀਆ ਕੁਮਾਰ ਨਾਲ ਖੇਡ ਕੇ ਚੰਗਾ ਲੱਗਾ। ਮੈਂ ਮੁਸ਼ਕਲ ਹਾਲਾਤ ’ਚ ਜੋ ਆਮ ਤੌਰ ’ਤੇ ਕਰਦਾ ਹਾਂ, ਉਹੀ ਕਰਨ ਤੇ ਜਿੱਥੇ ਤਕ ਸੰਭਵ ਹੋਵੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ।’ ਭਾਰਤ ਨੂੰ ਜਦੋਂ ਇਕ ਦੌੜ ਦੀ ਲੋੜ ਸੀ ਉਦੋਂ ਰਿੰਕੂ ਨੇ ਸੀਨ ਐਬਾਟ ਦੀ ਗੇਂਦ ਨੂੰ ਛੱਕੇ ਲਈ ਭੇਜ ਦਿੱਤਾ, ਪਰ ਇਹ ਨੋਬਾਲ ਰਹੀ ਇਸ ਲਈ ਇਹ ਛੱਕਾ ਮੰਨਣਯੋਗ ਨਹੀਂ ਹੋਇਆ ਤੇ ਭਾਰਤ ਨੇ ਜਿੱਤ ਹਾਸਲ ਕਰ ਲਈ। ਉਨ੍ਹਾਂ ਕਿਹਾ, ‘ਮੈਨੂੰ ਉਦੋਂ ਤਕ ਪਤਾ ਨਹੀਂ ਲੱਗਾ ਕਿ ਇਹ ਨੋਬਾਲ ਸੀ ਜਦੋਂ ਤਕ ਡ੍ਰੈਸਿੰਗ ਰੂਮ ’ਚ ਅਕਸ਼ਰ ਭਾਜੀ ਤੋਂ ਇਸ ਬਾਰੇ ਨਹੀਂ ਸੁਣਿਆ। ਛੱਕਾ ਹਾਲਾਂਕਿ ਮੰਨਣਯੋਗ ਨਹੀਂ ਰਿਹਾ, ਪਰ ਅਸੀਂ ਮੈਚ ਜਿੱਤ ਗਏ ਸੀ ਇਸ ਲਈ ਇਹ ਮਾਇਨੇ ਨਹੀਂ ਰੱਖਦਾ।’


