ਜਾਸ, ਮੁਹਾਲੀ : ਮੁਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਵੀਰਵਾਰ ਨੂੰ 31 ਸਾਲ ਪੁਰਾਣੇ ਫ਼ਰਜ਼ੀ ਮੁਕਾਬਲੇ ਦੇ ਮਾਮਲੇ ’ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਹੀ ਤਿੰਨਾਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਲਾਇਆ। ਜੱਜ ਰਾਕੇਸ਼ ਕੁਮਾਰ ਗੁਪਤਾ ਨੇ ਤਤਕਾਲੀ ਇੰਸਪੈਕਟਰ ਧਰਮ ਸਿੰਘ, ਏਐੱਸਆਈ ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਇਹ ਫ਼ੈਸਲਾ ਸੁਣਾਇਆ ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਜੱਜ ਨੇ ਫ਼ੈਸਲਾ ਸੁਣਾਉਂਦਿਆਂ ਇਸ ਕੇਸ ਨੂੰ ਰੇਅਰੇਸਟ ਆਫ ਰੇਅਰ ਕੇਸ ਕਰਾਰ ਦਿੱਤਾ ਤੇ ਕਿਹਾ ਕਿ ਪੁਲਿਸ ਵਾਲਿਆਂ ਦਾ ਇਹ ਕਾਰਨਾਮਾ ਕਿਸੇ ਦਰਿੰਦਗੀ ਤੋਂ ਘੱਟ ਨਹੀਂ, ਜਿਸ ਨਾਲ ਤਿੰਨ ਬੇਕਸੂਰ ਵਿਅਕਤੀਆਂ ਦੀ ਜਾਨ ਚਲੀ ਗਈ। ਬਜ਼ੁਰਗ ਮਾਤਾ-ਪਿਤਾ ਨੇ ਵੀ ਆਪਣੇ ਬੱਚਿਆਂ ਨੂੰ ਗੁਆਇਆ, ਜਿਸ ਦੀ ਭਰਪਾਈ ਜ਼ਿੰਦਗੀ ਭਰ ਤੱਕ ਕੋਈ ਨਹੀਂ ਕਰ ਸਕਦਾ।
ਅਪ੍ਰੈਲ 1992 ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਠੱਠੀਆਂ ਦੇ ਬੱਸ ਸਟੈਂਡ ਤੋਂ ਸਥਾਨਕ ਪੁਲਿਸ ਨੇ ਹਰਜੀਤ ਸਿੰਘ ਨੂੰ ਚੁੱਕਿਆ ਸੀ। ਇਸ ਤੋਂ 14 ਦਿਨਾਂ ਬਾਅਦ ਦੋ ਹੋਰ ਵਿਅਕਤੀਆਂ ਲਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਨਾਲ ਹੀ ਹਰਜੀਤ ਸਿੰਘ ਨੂੰ ਵੀ ਫ਼ਰਜ਼ੀ ਮੁਕਾਬਲੇ ’ਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ ਮੋਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਤਿੰਨ ਮੁਲਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐੱਸਆਈ ਸੁਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਹਰਜੀਤ ਸਿੰਘ ਦੇ ਪਿਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਹਾਈ ਕੋਰਟ ਨੇ ਤੁਰੰਤ ਐਕਸ਼ਨ ਲੈ ਕੇ ਪੁਲਿਸ ਦੀ ਨਾਜਾਇਜ਼ ਹਿਰਾਸਤ ’ਚੋਂ ਹਰਜੀਤ ਸਿੰਘ ਦੀ ਰਿਹਾਈ ਯਕੀਨਨ ਕਰਨ ਲਈ ਇਕ ਵਾਰੰਟ ਅਧਿਕਾਰੀ ਨੂੰ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਦਸੰਬਰ 1992 ’ਚ ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ ਨੂੰ ਇਸ ਮਾਮਲੇ ’ਚ ਨਿਆਂਇਕ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ। 1995 ’ਚ ਆਈ ਰਿਪੋਰਟ ਦੇ ਆਧਾਰ ’ਤੇ 30 ਮਈ 1997 ਨੂੰ ਹਾਈ ਕੋਰਟ ਨੇ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ। ਇਸ ਮਾਮਲੇ ’ਚ ਕੁੱਲ ਨੌਂ ਮੁਲਜ਼ਮ ਸਨ, ਜਿਨ੍ਹਾਂ ’ਚੋਂ ਪੰਜ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਸੀ ਤੇ ਇਕ ਭਗੌੜਾ ਹੈ।
ਜਾਣਕਾਰੀ ਅਨੁਸਾਰ ਉਸ ਸਮੇਂ ਦੇ ਲੋਪੋਕੇ ਥਾਣਾ ਮੁਖੀ ਏਐੱਸਆਈ ਧਰਮ ਸਿੰਘ ਨੇ ਰਿਪੋਰਟ ’ਚ ਇਸ ਨੂੰ ਪੁਲਿਸ ਮੁਕਾਬਲਾ ਦਿਖਾਇਆ। ਏਨਾ ਹੀ ਨਹੀਂ, ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਵੀ ਪਰਿਵਾਰ ਨੂੰ ਨਹੀਂ ਸੌਂਪੀਆਂ ਤੇ ਪੁਲਿਸ ਮੁਲਾਜ਼ਮਾਂ ਨੇ ਖ਼ੁਦ ਹੀ ਅੰਤਮ ਸੰਸਕਾਰ ਕਰ ਦਿੱਤਾ ਸੀ। ਇਸ ’ਤੇ ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਫ਼ਰਜ਼ੀ ਮੁਕਾਬਲੇ ’ਚ ਮਾਰਿਆ ਹੈ। ਜਾਂਚ ਦੌਰਾਨ ਸੀਬੀਆਈ ਨੇ ਪੰਜਾਬ ਪੁਲਿਸ ਦੇ ਨੌਂ ਅਧਿਕਾਰੀਆਂ ਇੰਸਪੈਕਟਰ ਧਰਮ ਸਿੰਘ, ਏਐੱਸਆਈ ਰਾਮ ਲੁਭਾਇਆ, ਐੱਚਐੱਸਸੀ ਸਤਬੀਰ ਸਿੰਘ, ਦਲਜੀਤ ਸਿੰਘ ਉਰਫ਼ ਮੋਟੂ, ਇੰਸਪੈਕਟਰ ਹਰਭਜਨ ਰਾਮ, ਏਐੱਸਆਈ ਸੁਰਿੰਦਰ ਸਿੰਘ, ਏਐੱਸਆਈ ਗੁਰਦੇਵ ਸਿੰਘ, ਐੱਸਆਈ ਅਮਰੀਕ ਸਿੰਘ ਤੇ ਏਐੱਸਆਈ ਭੁਪਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਇਨ੍ਹਾਂ ’ਚੋਂ ਪੰਜ ਮੁਲਜ਼ਮਾਂ ਹਰਭਜਨ ਰਾਮ, ਰਾਮ ਲੁਭਾਇਆ, ਸਤਬੀਰ ਸਿੰਘ, ਦਲਜੀਤ ਸਿੰਘ ਉਰਫ਼ ਮੋਟੂ ਤੇ ਅਮਰੀਕ ਸਿੰਘ ਦੀ ਸੁਣਵਾਈ ਦੌਰਾਨ ਮੌਤ ਹੋ ਗਈ। ਇਕ ਮੁਲਜ਼ਮ ਭੁਪਿੰਦਰ ਸਿੰਘ ਨੂੰ ਭਗੌੜਾ ਐਲਾਨਿਆ ਜਾ ਚੁੱਕਿਆ ਹੈ।



