ਦਿੱਲੀ ‘ਚ ਪ੍ਰਦੂਸ਼ਣ ਦਾ ਮਹਾਵਿਸਫੋਟ: ਸਾਹ ਲੈਣਾ ਵੀ ਹੋਇਆ ਔਖਾ; ਪੰਜਾਬੀ ਬਾਗ ‘ਚ AQI 446 ਤੇ ਨਰੇਲਾ ‘ਚ 434 ਦਰਜ
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਨਿੱਘਰਦੀ ਜਾ ਰਹੀ ਹੈ ਅਤੇ ਵੀਰਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ "ਖ਼ਤਰਨਾਕ" ਸ਼੍ਰੇਣੀ ਵਿੱਚ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ, ਸਵੇਰੇ 8:01 ਵਜੇ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 482 ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਹਾਲ ਹੋ ਗਿਆ ਹੈ।
ਰਾਜਧਾਨੀ ਦੇ ਸੱਤ ਪ੍ਰਮੁੱਖ ਨਿਗਰਾਨੀ ਸਟੇਸ਼ਨਾਂ 'ਤੇ AQI ਦਾ ਪੱਧਰ 400 ਤੋਂ ਪਾਰ ਰਿਹਾ, ਜੋ ਕਿ ਬੇਹੱਦ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ। ਸਭ ਤੋਂ ਮਾੜਾ ਹਾਲ ਪੰਜਾਬੀ ਬਾਗ ਦਾ ਰਿਹਾ, ਜਿੱਥੇ AQI 446 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਰੇਲਾ ਵਿੱਚ 434, ਰੋਹਿਣੀ ਵਿੱਚ 431, ਆਰ.ਕੇ. ਪੁਰਮ ਵਿੱਚ 416, ਬਵਾਨਾ ਵਿੱਚ 412, ਦਿੱਲੀ ਯੂਨੀਵਰਸਿਟੀ ਦੇ ਨੌਰਥ ਕੈਂਪਸ ਵਿੱਚ 408 ਅਤੇ ਪਟਪੜਗੰਜ ਵਿੱਚ 405 ਦਰਜ ਕੀਤਾ ਗਿਆ। ਓਖਲਾ ਫੇਜ਼-2 ਅਤੇ ਇੰਡੀਆ ਗੇਟ ਵਰਗੇ ਅਹਿਮ ਇਲਾਕਿਆਂ ਵਿੱਚ ਵੀ AQI 399 ਦੇ ਕਰੀਬ ਰਿਹਾ।
ਦਿੱਲੀ ਵਿੱਚ ਵੱਧ ਰਹੇ ਇਸ ਪ੍ਰਦੂਸ਼ਣ ਸੰਕਟ ਦਰਮਿਆਨ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਸਰਕਾਰ ਅਤੇ ਸਬੰਧਤ ਕਮੇਟੀਆਂ ਮੌਸਮ ਦੇ ਹਾਲਾਤਾਂ, ਹਵਾ ਦੀ ਗਤੀ ਅਤੇ ਦਿਸ਼ਾ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਜਦੋਂ ਉਨ੍ਹਾਂ ਤੋਂ ਪੰਜਾਬ, ਹਰਿਆਣਾ ਅਤੇ ਯੂਪੀ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ ਅਤੇ ਕਰੀਬ 40 ਫੀਸਦੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਗਿਆ ਹੈ। ਇਸ ਦੇ ਬਾਵਜੂਦ ਹਵਾ ਜ਼ਹਿਰੀਲੀ ਕਿਉਂ ਬਣੀ ਹੋਈ ਹੈ, ਇਸ 'ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।



