ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇੱਥੇ AQI 400 ਦੇ ਪਾਰ ਹੋ ਗਿਆ ਹੈ। ਇਸ ਨੂੰ ਰੋਕਣ ਲਈ ਸ਼ੁੱਕਰਵਾਰ ਨੂੰ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਗ੍ਰੇਪ-3 ਦੀਆਂ ਵਿਵਸਥਾਵਾਂ ਲਾਗੂ ਕੀਤੀਆਂ ਗਈਆਂ ਹਨ। ਇਸ ਨਾਲ ਹੀ ਰਾਜਧਾਨੀ ‘ਚ 14 ਕੰਮਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦਿੱਲੀ ਸਕੱਤਰੇਤ ਤੋਂ ਕੇਂਦਰੀ ਸਕੱਤਰੇਤ ਤੇ ਆਰਕੇ ਪੁਰਮ ਤੋਂ ਕੇਂਦਰੀ ਸਕੱਤਰੇਤ ਤੱਕ ਸ਼ਟਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਥਾਵਾਂ ‘ਤੇ ਉਸਾਰੀ ਦੇ ਕੰਮ ਨੂੰ ਛੋਟ ਦਿੱਤੀ ਗਈ ਹੈ ਉੱਥੇ ਧੂੜ ਨੂੰ ਰੋਕਣ ਲਈ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਦਿੱਲੀ ਦੇ ਅੰਦਰ ਧੂੜ ਰਹਿਤ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਗੁਆਂਢੀ ਰਾਜਾਂ ਤੋਂ ਦਿੱਲੀ ’ਚ ਆ ਰਿਹਾ ਪ੍ਰਦੂਸ਼ਣ

ਉਨ੍ਹਾਂ ਕਿਹਾ ਕਿ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਕੂਲਾਂ ਨੂੰ ਫਿਲਹਾਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਅਗਲਾ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ। ਪ੍ਰਦੂਸ਼ਣ ਨੂੰ ਰੋਕਣ ਲਈ ਗੁਆਂਢੀ ਰਾਜਾਂ ਨੂੰ ਵੀ ਸਰਗਰਮ ਹੋਣਾ ਪਵੇਗਾ। ਦਿੱਲੀ ਵਿੱਚ 69 ਫ਼ੀਸਦੀ ਪ੍ਰਦੂਸ਼ਣ ਦੂਜੇ ਰਾਜਾਂ ਤੋਂ ਦਿੱਲੀ ਆ ਰਿਹਾ ਹੈ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹੁਣ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਐਨਸੀਆਰ ਵਿੱਚ ਅਜੇ ਵੀ ਡੀਜ਼ਲ ਬੱਸਾਂ ਚੱਲ ਰਹੀਆਂ ਹਨ। ਇੱਟਾਂ ਦੇ ਭੱਠੇ ਚੱਲ ਰਹੇ ਹਨ, ਕੇਂਦਰੀ ਵਾਤਾਵਰਨ ਮੰਤਰੀ ਕਦੋਂ ਸਰਗਰਮ ਹੋਣਗੇ?

ਪ੍ਰਦੂਸ਼ਣ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ:

ਦਿੱਲੀ ‘ਚ 5 ਨਵੰਬਰ ਤੱਕ ਸਕੂਲ ਬੰਦ, ਉਸਾਰੀ ਦਾ ਕੰਮ ਵੀ ਇਸ ਦੌਰਾਨ ਬੰਦ ਰਹੇਗਾ।

BS3 ਪੈਟਰੋਲ ਤੇ BS4 ਡੀਜ਼ਲ ਵਾਹਨਾਂ ‘ਤੇ ਪਾਬੰਦੀ ਲਗਾਈ ਗਈ ਹੈ।

ਸੜਕਾਂ ਦੀ ਸਫਾਈ ਲਈ 52 ਮਸ਼ੀਨਾਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਗੀਆਂ।

ਸੜਕਾਂ ‘ਤੇ ਪਾਣੀ ਛਿੜਕਣ ਲਈ 300 ਤੋਂ ਵੱਧ ਟੈਂਕਰ ਲਾਏ ਗਏ ਸਨ।

ਡੀਟੀਸੀ ਬੱਸਾਂ ਦੇ 4000 ਗੇੜੇ ਵਧੇ ਅਤੇ ਮੈਟਰੋ ਦੇ ਸਫ਼ਰ ਵਧਾਏ ਗਏ।

ਸਰਕਾਰ ਨੇ ਇਨ੍ਹਾਂ 14 ਕੰਮਾਂ ‘ਤੇ ਲਗਾਈ ਪਾਬੰਦੀ

1. ਬੋਰਿੰਗ, ਡ੍ਰਿਲਿੰਗ, ਖੁਦਾਈ ਅਤੇ ਭਰਨ ‘ਤੇ ਪਾਬੰਦੀ

2. ਨਿਰਮਾਣ ਕਾਰਜਾਂ ‘ਤੇ ਪਾਬੰਦੀ ਹੋਵੇਗੀ

3. BS3, BS4 ਅਤੇ ਡੀਜ਼ਲ ਵਾਹਨਾਂ ‘ਤੇ ਪਾਬੰਦੀ

4. ਕੱਚੇ ਮਾਲ ਦੀ ਆਵਾਜਾਈ ‘ਤੇ ਪਾਬੰਦੀ

5. ਇਮਾਰਤਾਂ ਨੂੰ ਢਾਹੁਣ ‘ਤੇ ਪਾਬੰਦੀ

6. ਸੜਕ ਪੱਕੀ ਕਰਨ ਦਾ ਕੰਮ ਬੰਦ ਕਰਨਾ

7. ਉਸਾਰੀ ਸਮੱਗਰੀ ਦੀ ਲੋਡਿੰਗ-ਅਨਲੋਡਿੰਗ ‘ਤੇ ਪਾਬੰਦੀ

8. ਪੱਥਰਾਂ ਅਤੇ ਟਾਇਲਾਂ ਨੂੰ ਕੱਟਣ ‘ਤੇ ਪਾਬੰਦੀ

9. ਪੇਂਟਿੰਗ ਦੇ ਕੰਮਾਂ ‘ਤੇ ਪਾਬੰਦੀ

10. ਸੀਵਰ ਲਾਈਨ ਅਤੇ ਡਰੇਨੇਜ ਦੇ ਕੰਮਾਂ ‘ਤੇ ਪਾਬੰਦੀ

11. ਬੈਚਿੰਗ ਪਲਾਂਟ ਦੇ ਸੰਚਾਲਨ ‘ਤੇ ਪਾਬੰਦੀ

12. ਪਾਈਲਿੰਗ ਦੇ ਕੰਮ ‘ਤੇ ਪਾਬੰਦੀ

13. ਕੱਚੀਆਂ ਸੜਕਾਂ ‘ਤੇ ਆਵਾਜਾਈ

14. ਵਾਟਰ ਪਰੂਫਿੰਗ ਦੇ ਕੰਮਾਂ ‘ਤੇ ਪਾਬੰਦੀ।