ਸ਼ੇਨਝੇਨ (ਪੀਟੀਆਈ) : ਏਸ਼ਿਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਸਾਈਂਰਾਜ ਰੈਂਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਨੇ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ ਸ਼ੁੱਕਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਲਿਓ ਰੋਲੀ ਕਾਰਨਾਂਡੋ ਤੇ ਡੈਨੀਅਲ ਮਾਰਟਿਨ ਦੀ ਜੋੜੀ ’ਤੇ ਸਿੱਧੇ ਗੇਮ ’ਚ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ।

ਸਿਖਰ ਸੀਨੀਆਰਤਾ ਪ੍ਰਾਪਤ ਭਾਰਤੀ ਡਬਲਜ਼ ਜੋੜੀ ਨੇ ਵਿਸ਼ਵ ਰੈਂਕਿੰਗ ’ਚ 13ਵੇਂ ਸਥਾਨ ’ਤੇ ਮੌਜੂਦ ਇੰਡੋਨੇਸ਼ੀਆਈ ਜੋੜੀ ਨੂੰ 46 ਮਿੰਟ ’ਚ 21-16 21-14 ਨਾਲ ਹਰਾਇਆ। ਇਸ ਸਾਲ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਤੇ ਸਵਿਸ ਸੁਪਰ 300 ਜਿੱਤਣ ਵਾਲੇ ਸਾਤਵਿਕ ਤੇ ਚਿਰਾਗ ਦੇ ਸਾਹਮਣੇ ਆਖ਼ਰੀ ਚਾਰ ’ਚ ਚੀਨ ਦੀ ਜੋੜੀ ਦੀ ਚੁਣੌਤੀ ਹੋਵੇਗੀ। ਚੀਨ ਦੀਆਂ ਦੋ ਜੋੜੀਆਂ ਦਰਮਿਆਨ ਹੋਣ ਵਾਲੇ ਕੁਆਰਟਰ ਫਾਈਨਲ ਮੁਕਾਬਲੇ ’ਚ ਹੇ ਜੀ ਟਿੰਗ ਤੇ ਰੇਨ ਜਿਆਂਗ ਯੂ ਦੀ ਜੋੜੀ ਅੱਠਵੀਂ ਸੀਨੀਆਰਤਾ ਪ੍ਰਾਪਤ ਲਿਯੂ ਯੂ ਚੇਨ ਤੇ ਜੁਵਾਨ ਯੀ ਨਾਲ ਭਿੜੇਗੀ। ਵਿਸ਼ਵ ਰੈਂਕਿੰਗ ਦੀ ਸਾਬਕਾ ਸਿਖਰ ਭਾਰਤੀ ਜੋੜੀ ਨੇ ਆਪਣੇ ਖੇਡ ’ਚ ਸ਼ਾਨਦਾਰ ਤਾਲਮੇਲ ਦਿਖਾਇਆ। ਦੋਵੇਂ ਲਗਾਤਾਰ ਆਪਣੀ ਜਗ੍ਹਾ ਨੂੰ ਬਦਲਦੇ ਰਹੇ ਤੇ ਵਿਚ-ਵਿਚ ਕਰਾਰੇ ਵਾਰ ਕਰਦਿਆਂ ਉਨ੍ਹਾਂ ਇੰਡੋਨੇਸ਼ੀਆ ਦੀ ਜੋੜੀ ਨੂੰ ਦਬਾਅ ’ਚ ਪਾ ਦਿੱਤਾ।

ਮੈਚ ਦੀ ਸ਼ੁਰੂਆਤ ’ਚ ਦੋਵਾਂ ਜੋੜੀਆਂ ਦਰਮਿਆਨ ਕਰੀਬੀ ਮੁਕਾਬਲਾ ਸੀ। ਪਹਿਲੇ ਬ੍ਰੇਕ ਤੋਂ ਬਾਅਦ ਸਕੋਰ 14-14 ਦੀ ਬਰਾਬਰੀ ’ਤੇ ਪੁੱਜਾ, ਪਰ ਇਸ ਤੋਂ ਬਾਅਦ ਭਾਰਤੀ ਜੋੜੀ ਨੇ ਆਪਣੀ ਗਤੀ ਵਧਾਈ। ਚਿਰਾਗ ਨੇ ਇਸ ਦੌਰਾਨ ਸ਼ਟਲ ਤੇ ਕੋਰਟ ਦੀ ਹੱਦ ’ਤੇ ਸ਼ਾਨਦਾਰ ਸਮਝ ਦਿਖਾਉਂਦੇ ਹੋਏ ਸਕੋਰ ਨੂੰ 19-16 ਨਾਲ ਆਪਣੇ ਪੱਖ ’ਚ ਕਰ ਦਿੱਤਾ। ਉਨ੍ਹਾਂ ਦੋ ਹੋਰ ਕਰਾਰੇ ਵਾਰ ਨਾਲ ਪਹਿਲੀ ਗੇਮ ਭਾਰਤ ਦੇ ਨਾਂ ਕੀਤੀ। ਪਹਿਲੀ ਗੇਮ ਦੇ ਅੰਤ ’ਚ ਮਿਲੀ ਲੈਅ ਨੂੰ ਭਾਰਤੀ ਜੋੜੀ ਦੂਜੀ ਗੇਮ ’ਚ ਜਾਰੀ ਰੱਖਣ ’ਚ ਸਫਲ ਰਹੀ। ਉਨ੍ਹਾਂ 5-2 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਨੈੱਟ ’ਤੇ ਸ਼ਾਨਦਾਰ ਕੰਟਰੋਲ ਦਿਖਾਉਂਦੇ ਹੋਏ ਬ੍ਰੇਕ ਵੇਲੇ 11-6 ਦੀ ਬੜ੍ਹਤ ਬਣਾ ਲਈ।

ਬ੍ਰੇਕ ਦੇ ਛੋਟੇ ਆਰਾਮ ਤੋਂ ਬਾਅਦ ਵੀ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ 17-10 ਦੇ ਸਕੋਰ ਨਾਲ ਆਪਣਾ ਦਬਦਬਾ ਕਾਇਮ ਰੱਖਿਆ। ਇਸ ਤੋਂ ਬਾਅਦ ਦੋਵਾਂ ਜੋੜੀਆਂ ਦਰਮਿਆਨ 48 ਸ਼ਾਟ ਦੀ ਲੰਬੀ ਰੈਲੀ ਚੱਲੀ ਜਿਸ ਨੂੰ ਮਾਰਟਿਨ ਦੇ ਕਮਾਲ ਦੇ ਸਮੈਸ਼ ਨਾਲ ਇੰਡੋਨੇਸ਼ੀਆ ਨੇ ਜਿੱਤਿਆ। ਮਾਰਟਿਨ ਨੇ ਇਕ ਹੋਰ ਕਰਾਰਾ ਵਾਰ ਕੀਤਾ, ਪਰ ਇਸ ਵਾਰ ਸ਼ਟਲ ਨੈੱਟ ਨਾਲ ਟਕਰਾ ਗਈ ਜਿਸ ਨਾਲ ਭਾਰਤੀ ਜੋੜੀ ਨੂੰ ਸੱਤ ਮੈਚ ਅੰਕ ਮਿਲੇ ਤੇ ਉਨ੍ਹਾਂ ਵੀਡੀਓ ਰੈਫਰਲ ਦੀ ਮਦਦ ਨਾਲ ਪਹਿਲੇ ਯਤਨ ’ਚ ਹੀ ਇਸ ਦਾ ਫ਼ਾਇਦਾ ਲੈਣ ’ਚ ਕੋਈ ਗ਼ਲਤੀ ਨਹੀਂ ਕੀਤੀ।