ਸਪੋਰਟਸ ਡੈਸਕ, ਨਵੀਂ ਦਿੱਲੀ : ਪੁਣੇ ‘ਚ ਖੇਡੇ ਗਏ ਵਿਸ਼ਵ ਕੱਪ ਦੇ 43ਵੇਂ ਮੈਚ ‘ਚ ਆਸਟ੍ਰੇਲੀਆ ਨੇ ਇਕਤਰਫਾ ਜਿੱਤ ਦਰਜ ਕੀਤੀ। ਮਿਸ਼ੇਲ ਮਾਰਸ਼ ਦੇ ਨਾਬਾਦ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ। ਬੰਗਲਾਦੇਸ਼ ਨੇ ਆਸਟਰੇਲੀਆ ਨੂੰ 307 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟਰੇਲੀਆ ਨੇ 44.4 ਓਵਰਾਂ ਵਿੱਚ ਹਾਸਲ ਕਰ ਲਿਆ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਤਨਜੀਦ ਹਸਨ ਤੇ ਲਿਟਨ ਦਾਸ ਵਿਚਾਲੇ ਪਹਿਲੀ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਹੋਈ। ਦੋਵੇਂ 36-36 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਸ਼ਾਂਤੋ ਨੇ 45 ਦੌੜਾਂ ਦਾ ਯੋਗਦਾਨ ਦਿੱਤਾ।
ਤੌਹੀਦ ਹਿਰਦੇ ਨੇ ਠੋਸ ਪਾਰੀ ਖੇਡੀ। ਤੌਹੀਦ ਨੇ 79 ਗੇਂਦਾਂ ਵਿੱਚ 74 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ 5 ਚੌਕੇ ਅਤੇ 2 ਛੱਕੇ ਲੱਗੇ। ਮਹਿਮੂਦੁੱਲਾ ਨੇ 32 ਦੌੜਾਂ ਬਣਾਈਆਂ। ਮੁਸ਼ਤਾਫਿਜ਼ੁਰ ਰਹੀਮ ਨੇ 21 ਅਤੇ ਹਸਨ ਮਿਰਾਜ਼ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਲਈ ਸ਼ਾਨ ਐਬੋਟ ਅਤੇ ਐਡਮ ਜ਼ੈਂਪਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। 307 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। 12 ਦੇ ਸਕੋਰ ‘ਤੇ ਟਰੇਵਿਸ ਹੈੱਡ 10 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਮਾਰਸ਼ ਅਤੇ ਡੇਵਿਡ ਵਾਰਨਰ ਨੇ ਪਾਰੀ ਨੂੰ ਸੰਭਾਲਿਆ। ਵਾਰਨਰ ਨੇ 53 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਆਏ ਸਮਿਥ ਨੇ ਮਾਰਸ਼ ਦਾ ਸਾਥ ਦਿੱਤਾ।



