ਜੇਐੱਨਐੱਨ, ਚੀਨ : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ ਰਿਕਾਰਡ ਪ੍ਰਦਰਸ਼ਨ ਵਿੱਚ 15 ਤਗਮੇ ਜਿੱਤੇ। ਇਸ ਤਰ੍ਹਾਂ ਭਾਰਤ ਨੇ ਏਸ਼ੀਆਈ ਖੇਡਾਂ 2023 ਵਿਚ 50 ਤਗਮਿਆਂ ਦਾ ਅੰਕੜਾ ਪਾਰ ਕਰ ਲਿਆ ਹੈ। ਐਤਵਾਰ ਦਾ ਦਿਨ ਸ਼ਾਨਦਾਰ ਬਿਤਾਉਣ ਤੋਂ ਬਾਅਦ ਭਾਰਤੀ ਟੀਮ ਕੋਲੋਂ ਸੋਮਵਾਰ ਨੂੰ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਰਹੇਗੀ।

ਭਾਰਤ ਤੋਂ 9ਵੇਂ ਦਿਨ ਅਥਲੈਟਿਕਸ, ਤੀਰਅੰਦਾਜ਼ੀ, ਘੋੜ ਸਵਾਰੀ ਅਤੇ ਟੇਬਲ ਟੈਨਿਸ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਇਆਕਿੰਗ ਅਤੇ ਕੈਨੋਇੰਗ ਵਿਚ ਵੀ ਭਾਰਤ ਨੂੰ ਤਗ਼ਮੇ ਦੀ ਉਮੀਦ ਹੈ। ਭਾਰਤ ਅੱਜ ਯਾਨੀ ਸੋਮਵਾਰ ਨੂੰ 10 ਗੋਲਡ ਮੈਡਲ ਮੁਕਾਬਲਿਆਂ ਵਿਚ ਹਿੱਸਾ ਲਵੇਗਾ।

ਇਸ ਵਿਚ 5 ਐਥਲੈਟਿਕਸ ਗੋਲਡ – 4×400 ਮਿਕਸ ਰਿਲੇਅ, ਔਰਤਾਂ ਦੀ 3000 ਅਤੇ ਲੰਬੀ ਛਾਲ ਅਤੇ ਪੁਰਸ਼ਾਂ ਦੀ 200 ਮੀਟਰ ਦੌੜ ਸ਼ਾਮਿਲ ਹੈ। ਟੇਬਲ ਟੈਨਿਸ ਦਾ ਸੈਮੀਫਾਈਨਲ ਅਤੇ ਫਾਈਨਲ। ਤੀਰਅੰਦਾਜ਼ੀ, ਸਕੁਐਸ਼ ਅਤੇ ਬੈਡਮਿੰਟਨ ਦੇ ਨਾਕਆਊਟ ਮੈਚ। ਬਾਸਕਟਬਾਲ ਅਤੇ ਹਾਕੀ ਮੈਚ।

ਭਾਰਤ ਨੇ ਅੱਠਵੇਂ ਦਿਨ ਦੇ ਅੰਤ ਤੱਕ ਕੁੱਲ 53 ਤਗਮੇ ਜਿੱਤੇ। ਇਸ ਵਿਚ 13 ਸੋਨ, 21 ਚਾਂਦੀ ਅਤੇ 19 ਕਾਂਸੀ ਦੇ ਤਗ਼ਮੇ ਸ਼ਾਮਿਲ ਹਨ। ਏਸ਼ੀਆਈ ਖੇਡਾਂ 2023 ਦੀ ਅੰਕ ਸੂਚੀ ਵਿੱਚ ਭਾਰਤ ਚੌਥੇ ਸਥਾਨ ‘ਤੇ ਬਰਕਰਾਰ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 9ਵੇਂ ਦਿਨ ਭਾਰਤੀ ਐਥਲੀਟ ਕੀ ਕਮਾਲ ਕਰਦੇ ਹਨ।

ਦਿਨ ਦਾ ਪਹਿਲਾ ਤਗ਼ਮਾ ਜਿੱਤਿਆ

ਭਾਰਤ ਨੇ 9ਵੇਂ ਦਿਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਔਰਤਾਂ ਦੀ ਸਪੀਡ ਸਕੇਟਿੰਗ ਰਿਲੇਅ ਟੀਮ ਨੇ 3000 ਮੀਟਰ ਰਿਲੇਅ ਫਾਈਨਲ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਸੰਜਨਾ ਬਟੂਲਾ, ਕਾਰਤਿਕਾ ਜਗਦੀਸ਼ਵਰਨ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਰਾਜ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਭਾਰਤ ਨੇ ਇਹ ਦੌੜ 4:34.861 ਦੇ ਸਮੇਂ ਵਿਚ ਪੂਰੀ ਕੀਤੀ। ਭਾਰਤ ਦੇ ਮੈਡਲਾਂ ਦੀ ਗਿਣਤੀ 54 ਹੋ ਗਈ।

ਭਾਰਤ ਨੇ ਇਕ ਹੋਰ ਤਮਗਾ ਜਿੱਤਿਆ

ਸਪੀਡ ਸਕੇਟਿੰਗ ਵਿੱਚ ਭਾਰਤੀ ਪੁਰਸ਼ ਟੀਮ ਨੇ 3000 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਆਰੀਅਨਪਾਲ ਸਿੰਘ ਘੁੰਮਣ, ਆਨੰਦ ਕੁਮਾਰ ਵੇਲਕੁਮਾਰ, ਸਿਧਾਰਥ ਰਾਹੁਲ ਕਾਂਬਲੇ ਅਤੇ ਵਿਕਰਮ ਰਾਜਿੰਦਰ ਇੰਗਲ ਨੇ 4:10.128 ਦੇ ਸਮੇਂ ਵਿਚ ਦੌੜ ਪੂਰੀ ਕੀਤੀ ਅਤੇ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ।